Yamini Krishnamurthy Passed Away : ਮਸ਼ਹੂਰ ਭਰਤਨਾਟਿਅਮ ਡਾਂਸਰ ਯਾਮਿਨੀ ਕ੍ਰਿਸ਼ਨਾਮੂਰਤੀ ਦਾ ਹੋਇਆ ਦੇਹਾਂਤ

ਏਜੰਸੀ

ਖ਼ਬਰਾਂ, ਰਾਸ਼ਟਰੀ

84 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

Bharatnatyam dancer Dr. Yamini Krishnamurthy

 Yamini Krishnamurthy Passed Away : ਮਸ਼ਹੂਰ ਭਰਤਨਾਟਿਅਮ ਡਾਂਸਰ ਯਾਮਿਨੀ ਕ੍ਰਿਸ਼ਨਾਮੂਰਤੀ ਨੇ 84 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਕ੍ਰਿਸ਼ਨਾਮੂਰਤੀ ਨੇ ਸ਼ਨੀਵਾਰ 3 ਅਗਸਤ ਨੂੰ ਦਿੱਲੀ ਦੇ ਅਪੋਲੋ ਹਸਪਤਾਲ 'ਚ ਆਖਰੀ ਸਾਹ ਲਿਆ ਹੈ। ਉਮਰ ਸੰਬੰਧੀ ਸਮੱਸਿਆਵਾਂ ਕ੍ਰਿਸ਼ਨਮੂਰਤੀ ਦੀ ਮੌਤ ਦਾ ਕਾਰਨ ਬਣੀਆਂ। 

ਕ੍ਰਿਸ਼ਨਾਮੂਰਤੀ ਦੇ ਮੈਨੇਜਰ ਅਤੇ ਸਕੱਤਰ ਗਣੇਸ਼ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਸ ਖ਼ਬਰ ਨਾਲ ਉਨ੍ਹਾਂ ਦੇ ਫ਼ੈਨਜ ਨੂੰ ਗਹਿਰਾ ਦੁੱਖ ਲੱਗਿਆ ਹੈ ਅਤੇ ਉਹ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਕ੍ਰਿਸ਼ਨਾਮੂਰਤੀ ਨੂੰ ਸ਼ਰਧਾਂਜਲੀ ਦੇ ਰਹੇ ਹਨ।

7 ਮਹੀਨਿਆਂ ਤੋਂ ਆਈਸੀਯੂ ਵਿੱਚ ਸੀ ਕ੍ਰਿਸ਼ਨਾਮੂਰਤੀ 

ਕ੍ਰਿਸ਼ਨਾਮੂਰਤੀ ਦੇ ਮੈਨੇਜਰ ਅਤੇ ਸਕੱਤਰ ਗਣੇਸ਼ ਨੇ ਦੱਸਿਆ, "ਉਹ ਉਮਰ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਸੀ ਅਤੇ ਪਿਛਲੇ 7 ਮਹੀਨਿਆਂ ਤੋਂ ਆਈਸੀਯੂ ਵਿੱਚ ਸੀ। ਕ੍ਰਿਸ਼ਨਾਮੂਰਤੀ ਦੀ ਮ੍ਰਿਤਕ ਦੇਹ ਐਤਵਾਰ ਨੂੰ ਸਵੇਰੇ 9 ਵਜੇ ਉਨ੍ਹਾਂ ਦੇ ਸੰਸਥਾਨ 'ਯਾਮਿਨੀ ਸਕੂਲ ਆਫ ਡਾਂਸ' 'ਚ ਲਿਆਂਦੀ ਜਾਵੇਗੀ, ਜਿੱਥੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਆਈ। ਕ੍ਰਿਸ਼ਨਾਮੂਰਤੀ ਦੇ ਪਰਿਵਾਰ 'ਚ ਦੋ ਭੈਣਾਂ ਹਨ।

 ਦੱਸ ਦੇਈਏ ਕਿ ਯਾਮਿਨੀ ਕ੍ਰਿਸ਼ਨਾਮੂਰਤੀ ਦਾ ਜਨਮ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਮਦਨਪੱਲੀ ਵਿੱਚ ਹੋਇਆ ਸੀ। ਉਨ੍ਹਾਂ ਦਾ ਪਾਲਣ ਪੋਸ਼ਣ ਚਿਦੰਬਰਮ, ਤਾਮਿਲਨਾਡੂ ਵਿੱਚ ਹੋਇਆ ਸੀ। ਯਾਮਿਨੀ ਕ੍ਰਿਸ਼ਨਾਮੂਰਤੀ ਨੇ 1957 ਵਿੱਚ ਮਦਰਾਸ ਵਿੱਚ ਡੈਬਿਊ ਕੀਤਾ ਸੀ। ਉਨ੍ਹਾਂ ਨੂੰ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਦੀ ਅਸਥਾਨਾ ਨਰਤਕੀ (ਨਿਵਾਸੀ ਡਾਂਸਰ) ਹੋਣ ਦਾ ਸਨਮਾਨ ਪ੍ਰਾਪਤ ਸੀ। 

ਉਨ੍ਹਾਂ ਨੂੰ ਕੁਚੀਪੁੜੀ ਡਾਂਸ ਸ਼ੈਲੀ ਦੀ 'ਮਸ਼ਾਲਧਾਰੀ' ਵਜੋਂ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਆਪਣੇ ਇੰਸਟੀਚਿਊਟ, ਯਾਮਿਨੀ ਸਕੂਲ ਆਫ ਡਾਂਸ, ਹੌਜ਼ ਖਾਸ, ਨਵੀਂ ਦਿੱਲੀ ਵਿੱਚ ਨੌਜਵਾਨ ਡਾਂਸਰਾਂ ਨੂੰ ਡਾਂਸ ਸਿਖਾਉਂਦੀ ਸੀ। ਯਾਮਿਨੀ ਕ੍ਰਿਸ਼ਨਾਮੂਰਤੀ ਦੇ ਡਾਂਸ ਕੈਰੀਅਰ ਨੇ ਉਨ੍ਹਾਂ ਨੂੰ ਕਈ ਪੁਰਸਕਾਰ ਦਿਵਾਏ। ਜਿਨ੍ਹਾਂ 'ਚ ਪਦਮ ਸ਼੍ਰੀ (1968), ਪਦਮ ਭੂਸ਼ਣ (2001), ਅਤੇ ਪਦਮ ਵਿਭੂਸ਼ਣ (2016) ਸ਼ਾਮਿਲ ਹਨ, ਜੋ ਕਿ ਭਾਰਤ ਗਣਰਾਜ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਹਨ।