ਬੱਚਤ ਤੇ ਨਿਲਾਮੀ ਤੋਂ ਇਕੱਠੀ ਹੋਈ ਰਕਮ ਵਿਚੋਂ ਮੋਦੀ ਨੇ ਹੁਣ ਤੱਕ ਦਾਨ ਕੀਤੇ 103 ਕਰੋੜ ਰੁਪਏ-ਅਧਿਕਾਰੀ
ਮੀਡੀਆ ਰਿਪੋਰਟਾਂ ਤੋਂ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਕੇਅਰਜ਼ ਫੰਡ ਦੀ ਸ਼ੁਰੂਆਤ ਵਿਚ 2.25 ਲੱਖ ਰੁਪਏ ਦਾਨ ਕੀਤੇ ਸੀ।
ਨਵੀਂ ਦਿੱਲੀ: ਮੀਡੀਆ ਰਿਪੋਰਟਾਂ ਤੋਂ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮ ਕੇਅਰਜ਼ ਫੰਡ ਦੀ ਸ਼ੁਰੂਆਤ ਵਿਚ 2.25 ਲੱਖ ਰੁਪਏ ਦਾਨ ਕੀਤੇ ਸੀ। ਪ੍ਰਧਾਨ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਹੈ ਕਿ ਜਦੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪੀਐਮ ਕੇਅਰਜ਼ ਫੰਡ ਦੀ ਸਥਾਪਨਾ ਕੀਤੀ ਸੀ ਤਾਂ ਪੀਐਮ ਨੇ ਸ਼ੁਰੂਆਤੀ ਫੰਡ ਵਿਚ ਅਪਣੇ ਵੱਲੋਂ 2.25 ਲੱਖ ਰੁਪਏ ਦਾ ਦਾਨ ਕੀਤਾ ਸੀ।
ਦੱਸ ਦਈਏ ਕਿ ਪੀਐਮ ਕੇਅਰਜ਼ ਫੰਡ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਰਕਾਰ ‘ਤੇ ਲਗਾਤਾਰ ਹਮਲੇ ਕੀਤੇ ਹਨ। ਕਾਂਗਰਸ ਨੇ ਇਸ ਦੀ ਕਾਨੂੰਨੀ ਮਿਆਦ ‘ਤੇ ਸਵਾਲ ਚੁੱਕੇ ਹਨ ਅਤੇ ਇਸ ਦੇ ਪਿੱਛੇ ਦਾ ਅਸਲ ਕਾਰਨ ਪੁੱਛਿਆ ਹੈ ਕਿਉਂਕਿ ਕੇਂਦਰ ਵਿਚ ਪਹਿਲਾਂ ਤੋਂ ਹੀ ਅਜਿਹਾ ਫੰਡ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ਼ ਫੰਡ (Prime Minister's National Relief Fund) ਪਹਿਲਾਂ ਤੋਂ ਹੀ ਮੌਜੂਦ ਹੈ।
ਇਸ ਨੂੰ ਲੈ ਕੇ ਇਕ ਹੋਰ ਵਿਵਾਦ ਹੈ ਕਿ ਕੈਗ (Comptroller and Auditor General of India) ਇਸ ਫੰਡ ਨੂੰ ਆਡਿਟ ਨਹੀਂ ਕਰ ਸਕਦਾ। ਪੀਐਮ ਕੇਅਰਜ਼ ਫੰਡ ਨੂੰ Foreign Contribution (Regulation) Act ਦੇ ਤਹਿਤ ਛੋਟ ਵੀ ਮਿਲੀ ਹੋਈ ਹੈ ਅਤੇ ਵਿਦੇਸ਼ੀ ਫੰਡ ਪ੍ਰਾਪਤ ਕਰਨ ਲਈ ਇਕ ਵੱਖਰਾ ਖਾਤਾ ਖੋਲ੍ਹਿਆ ਗਿਆ ਹੈ।
ਪੀਐਮ ਮੋਦੀ ਬੱਚਿਆਂ ਦੀ ਪੜ੍ਹਾਈ ਦੀ ਯੋਜਨਾ ਅਤੇ ਕਲੀਨ ਗੰਗਾ ਮਿਸ਼ਨ ਆਦਿ ਕਈ ਯੋਜਨਾਵਾਂ ਲਈ ਦਾਨ ਕਰ ਚੁੱਕੇ ਹਨ। ਹੁਣ ਤੱਕ ਕਈ ਯੋਜਨਾਵਾਂ ਵਿਚ ਪੀਐਮ ਮੋਦੀ ਦਾ ਕੁੱਲ ਯੋਗਦਾਨ 103 ਕਰੋੜ ਰੁਪਏ ਤੋਂ ਜ਼ਿਆਦਾ ਹੋ ਚੁੱਕਿਆ ਹੈ। ਇਹ ਰਕਮ ਬੱਚਤ ਅਤੇ ਨਿੱਜੀ ਚੀਜ਼ਾਂ ਦੀ ਨਿਲਾਮੀ ਤੋਂ ਇਕੱਠੀ ਹੋਈ ਹੈ। 2019 ਵਿਚ ਪੀਐਮ ਨੇ ਕੁੰਭ ਮੇਲੇ ਵਿਚ ਸੁਰੱਖਿਆ ਕਰਮਚਾਰੀਆਂ ਲਈ ਬਣਾਏ ਗਏ ਫੰਡ ਵਿਚ ਅਪਣੀ ਨਿੱਜੀ ਬੱਚਤ ਵਿਚੋਂ 21 ਲੱਖ ਦਾਨ ਕੀਤੇ ਸੀ।
ਸਾਊਥ ਕੋਰੀਆ ਵਿਚ ਜਦੋਂ ਉਹਨਾਂ ਨੂੰ ਸੋਲ ਪੀਸ ਪੁਰਸਕਾਰ ਦਿੱਤਾ ਗਿਆ ਸੀ ਤਾਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਇਸ ਨਾਲ ਮਿਲੀ 1.3 ਕਰੋੜ ਦੀ ਰਾਸ਼ੀ ਨੂੰ ਕਲੀਨ ਗੰਗਾ ਮਿਸ਼ਨ ਲਈ ਦੇਣਗੇ। ਇਸ ਤੋਂ ਇਲਾਵਾ ਹਾਲ ਹੀ ਵਿਚ ਉਹਨਾਂ ਨੂੰ ਮਿਲੇ ਯਾਦਗਾਨੀ ਚਿਨ੍ਹਾਂ ਦੀ ਨਿਲਾਮੀ ਹੋਈ ਸੀ, ਜਿਸ ਨਾਲ 3.40 ਕਰੋੜ ਰੁਪਏ ਇਕੱਠੇ ਕੀਤੇ ਗਏ ਸੀ। ਇਹ ਰਕਮ ਵੀ ਨਮਾਮੀ ਗੰਗੇ ਮੁਹਿੰਮ ਨੂੰ ਦਿੱਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ 2015 ਵਿਚ ਪੀਐਮ ਮੋਦੀ ਨੂੰ ਮਿਲੇ ਤੋਹਫਿਆਂ ਦੀ ਨਿਲਾਮੀ ਕੀਤੀ ਗਈ ਸੀ, ਜਿਸ ਤੋਂ 8.35 ਕਰੋੜ ਰੁਪਏ ਇਕੱਠੇ ਹੋਏ ਸੀ। ਇਹ ਪੈਸੇ ਵੀ ਨਮਾਨੀ ਗੰਗੇ ਮੁਹਿੰਮ ਵਿਚ ਦਾਨ ਕੀਤੇ ਗਏ ਸੀ। ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ‘ਤੇ ਅਪਣਾ ਕਾਰਜਕਾਲ ਖਤਮ ਹੋਣ ‘ਤੇ ਉਹਨਾਂ ਨੇ ਲੜਕੀਆਂ ਦੀ ਪੜ੍ਹਾਈ ਲਈ ਅਪਣੀ ਨਿੱਜੀ ਬੱਚਤ ਵਿਚੋਂ 21 ਲੱਖ ਦਾਨ ਕੀਤੇ ਸੀ।