ਜੰਮੂ-ਕਸ਼ਮੀਰ ਤੋਂ 7 ਕਿਲੋ ਹੈਰੋਇਨ ਲੈ ਕੇ ਪੰਜਾਬ ਆ ਰਿਹਾ ਜੋੜਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਮੁਲਜ਼ਮ ਜੋੜਾ

photo

 

ਜੰਮੂ: ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ 'ਚ ਅੰਮ੍ਰਿਤਸਰ ਦੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਇਨੋਵਾ ਗੱਡੀ ਵਿੱਚੋਂ 7 ਕਿਲੋ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਜੋੜਾ ਰਾਮਤੀਰਥ ਰੋਡ ਅੰਮ੍ਰਿਤਸਰ ਦੇ ਵਸਨੀਕ ਹਨ ਅਤੇ ਹੈਰੋਇਨ ਦੀ ਖੇਪ ਲੈਣ ਜੰਮੂ-ਕਸ਼ਮੀਰ ਪੁੱਜੇ ਸਨ ਅਤੇ ਖੇਪ ਲੈ ਕੇ ਵਾਪਸ ਅੰਮ੍ਰਿਤਸਰ ਆ ਰਹੇ ਸਨ।

ਮਿਲੀ ਸੂਚਨਾ 'ਤੇ ਪੁਲਿਸ ਨੇ ਉਧਰਪੁਰ 'ਚ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਅਤੇ ਪਤਨੀ ਮਨਦੀਪ ਕੌਰ ਵਜੋਂ ਹੋਈ ਹੈ। ਇਨੋਵਾ ਕਾਰ ਅਤੇ ਹੈਰੋਇਨ ਜ਼ਬਤ ਕੀਤੀ ਗਈ ਹੈ। ਨਸ਼ਿਆਂ ਦੀ ਅੰਤਰਰਾਸ਼ਟਰੀ ਕੀਮਤ 35 ਤੋਂ 49 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜੋੜੇ ਖਿਲਾਫ ਥਾਣਾ ਊਧਮਪੁਰ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਜੰਮੂ-ਕਸ਼ਮੀਰ ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਨਸ਼ਾ ਕਿੱਥੋਂ ਆਇਆ ਅਤੇ ਕਿੱਥੋਂ ਸਪਲਾਈ ਕੀਤਾ ਜਾਣਾ ਸੀ। ਜੋੜੇ ਨੇ ਮੁੱਢਲੀ ਜਾਂਚ ਵਿੱਚ ਦੱਸਿਆ ਕਿ ਉਹ ਪੰਜਾਬ ਵਿੱਚ ਹੀ ਇਸ ਦੀ ਸਪਲਾਈ ਕਰਨ ਵਾਲੇ ਸਨ। ਪੰਜਾਬ ਵਿੱਚ ਹੈਰੋਇਨ ਦੀ ਮੰਗ ਨੂੰ ਪੂਰਾ ਕਰਨ ਲਈ ਜੰਮੂ-ਕਸ਼ਮੀਰ ਨਵਾਂ ਰਸਤਾ ਬਣ ਰਿਹਾ ਹੈ। ਪਾਕਿਸਤਾਨ ਵਿੱਚ ਬੈਠੇ ਤਸਕਰ ਹੁਣ ਇਸ ਰਸਤੇ ਰਾਹੀਂ ਪੰਜਾਬ ਵਿੱਚ ਨਸ਼ਾ ਲਿਆ ਰਹੇ ਹਨ।

ਪਹਿਲਾਂ ਵੀ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਟਰੱਕਾਂ ਅਤੇ ਵਾਹਨਾਂ ਤੋਂ ਹੈਰੋਇਨ ਦੀ ਖੇਪ ਮਿਲੀ ਹੈ। ਪਿਛਲੇ ਸਾਲ ਜੰਮੂ-ਕਸ਼ਮੀਰ ਪੁਲਿਸ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਪੰਜਾਬ 'ਚ ਹੈਰੋਇਨ ਸਪਲਾਈ ਕਰਨ ਤੋਂ ਬਾਅਦ ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨਾਂ ਨੂੰ ਪੈਸੇ ਪਹੁੰਚਾਉਂਦੇ ਸਨ।