ਆਪਣੇ ਹੀ ਬੱਚਿਆਂ ਨੂੰ ਜ਼ਹਿਰ ਦੇਣ ਵਾਲੇ ਪਿਤਾ ਦੀ ਲਾਸ਼ ਅਤੇ ਸੁਸਾਈਡ ਨੋਟ ਬਰਾਮਦ
ਖ਼ੁਦਕੁਸ਼ੀ ਜਾਂ ਕਤਲ ਇਸ ਗੱਲ ਦੀ ਫ਼ਿਲਹਾਲ ਨਹੀਂ ਹੋਈ ਪੁਸ਼ਟੀ
ਮਹਾਰਾਸ਼ਟਰ : ਚੰਦਰਪੁਰ ਜ਼ਿਲ੍ਹੇ ਦੀ ਵਰੋਰਾ ਤਹਿਸੀਲ ਦੇ ਇੱਕ ਪਿੰਡ ਵਿੱਚ ਆਪਣੇ ਹੀ ਦੋ ਮਾਸੂਮ ਬੱਚਿਆਂ ਦਾ ਕਥਿਤ ਤੌਰ 'ਤੇ ਕਤਲ ਕਰਨ ਵਾਲੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਮਾਮਲੇ ਬਾਰੇ ਇਲਾਕੇ 'ਚ ਭਾਰੀ ਚਰਚਾ ਛਿੜੀ ਹੋਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਅਸਮਿਤ ਕਾਂਬਲੇ (8) ਅਤੇ ਮਿਸ਼ਤੀ (3) ਦੀ ਮਾਂ ਨੇ ਸ਼ੁੱਕਰਵਾਰ 2 ਸਤੰਬਰ ਦੇ ਦਿਨ ਸ਼ਾਮ ਨੂੰ ਆਪਣੇ ਘਰ ਵਿੱਚ ਦੋਨਾਂ ਬੱਚਿਆਂ ਨੂੰ ਮ੍ਰਿਤਕ ਪਾਇਆ ਸੀ। ਪੁਲਿਸ ਨੇ ਇਸ ਦੋਹਰੇ ਕਤਲ ਦਾ ਸ਼ੱਕ ਬੱਚਿਆਂ ਦੇ ਪਿਤਾ ਸੰਜੇ ਕਾਂਬਲੇ (42) 'ਤੇ ਸ਼ੱਕ ਜਤਾਇਆ ਕਿਉਂਕਿ ਉਸ ਦਾ ਕੋਈ ਪਤਾ-ਠਿਕਾਣਾ ਨਹੀਂ ਲੱਗ ਰਿਹਾ ਸੀ।
ਮਾਮਲੇ ਦੀ ਗੱਲ ਕਰਦੇ ਹੋਏ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਾਂਬਲੇ ਦੀ ਲਾਸ਼ ਸ਼ਨੀਵਾਰ ਨੂੰ ਵਰਧਾ ਜ਼ਿਲ੍ਹੇ 'ਚ ਪੈਂਦੇ ਪਿੰਡ ਸਕਾਰਾ ਵਿਖੇ ਸੜਕ ਕਿਨਾਰੇ ਪਈ ਮਿਲੀ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਆਪਣੇ ਬੱਚਿਆਂ ਨੂੰ ਜ਼ਹਿਰ ਦੇਣ ਦੀ ਗੱਲ ਕਬੂਲੀ ਹੈ। ਸੁਸਾਈਡ ਨੋਟ 'ਚ ਮ੍ਰਿਤਕ ਨੇ ਆਪਣੀ ਪਤਨੀ ਪ੍ਰਣੀਤਾ ਤੋਂ ਮੁਆਫ਼ੀ ਵੀ ਮੰਗੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਕਾਂਬਲੇ ਦਾ ਕਿਸੇ ਕਿਸਮ ਦਾ ਕੋਈ ਮਾਨਸਿਕ ਰੋਗ ਦਾ ਇਲਾਜ ਚੱਲ ਰਿਹਾ ਸੀ ਜਾਂ ਨਹੀਂ।
ਇੱਕ ਹੋਰ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ ਦੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਕਾਂਬਲੇ ਸ਼ੁੱਕਰਵਾਰ ਮਿਤੀ 2 ਸਤੰਬਰ ਦੀ ਦੁਪਹਿਰ ਨੂੰ ਆਪਣੇ ਬੇਟੇ ਅਸਮਿਤ ਨੂੰ ਉਸ ਦੇ ਦਾਦੇ ਦੇ ਘਰ ਤੋਂ ਲੈ ਕੇ ਆਇਆ ਸੀ, ਅਤੇ ਕੁਝ ਦੇਰ ਬਾਅਦ ਉਸ ਦੀ ਬੇਟੀ ਮਿਸ਼ਟੀ ਸਕੂਲ ਤੋਂ ਘਰ ਵਾਪਸ ਆ ਗਈ ਸੀ। ਇਸ ਤੋਂ ਬਾਅਦ ਉਸ ਨੇ ਦੋਵਾਂ ਨੂੰ ਜ਼ਹਿਰ ਦੇ ਦਿੱਤਾ।