ਬੱਦਲ ਫਟਣ ਕਾਰਨ ਧਰਮਸ਼ਾਲਾ 'ਚ ਤਬਾਹੀ, ਪਾਣੀ 'ਚ ਰੁੜ੍ਹੀਆਂ ਕਾਰਾਂ, ਡੁੱਬ ਗਏ ਘਰਾਂ ਦੇ ਘਰ
ਅਧਿਕਾਰੀਆਂ ਨੂੰ ਮੁੜ ਵਸੇਬੇ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਵਿਚ ਬੱਦਲ ਫਟਣ ਕਾਰਨ ਆਏ ਹੜ੍ਹ ਨੇ ਚਾਰੇ ਪਾਸੀ ਤਬਾਹੀ ਮਚਾ ਦਿੱਤੀ। ਸੀਨੀਅਰ ਅਧਿਕਾਰੀਆਂ ਨੇ ਖਨਿਆਰਾ ਖੇਤਰ ਦਾ ਦੌਰਾ ਕੀਤਾ, ਹੜ੍ਹ ਦੌਰਾਨ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਭਾਰੀ ਮੀਂਹ ਕਾਰਨ ਇਲਾਕੇ 'ਚ ਕਈ ਘਰ ਅਤੇ ਦੁਕਾਨਾਂ ਤਬਾਹ ਹੋ ਗਈਆਂ। ਇਸ ਤੋਂ ਇਲਾਵਾ 15 ਘਰ ਅੰਸ਼ਿਕ ਤੌਰ 'ਤੇ ਨੁਕਸਾਨੇ ਗਏ ਹਨ ਅਤੇ 45 ਭੇਡਾਂ ਅਤੇ ਬੱਕਰੀਆਂ ਲਾਪਤਾ ਹਨ। ਕਾਂਗੜਾ ਦੇ ਡਿਪਟੀ ਕਮਿਸ਼ਨਰ ਨਿਪੁਨ ਜਿੰਦਲ ਨੇ ਪੁਲਿਸ ਸੁਪਰਡੈਂਟ ਕੁਸ਼ਲ ਸ਼ਰਮਾ ਨਾਲ ਖਨਿਆਰਾ ਦਾ ਦੌਰਾ ਕੀਤਾ। ਜਿੰਦਲ ਨੇ ਰਾਹਤ ਕਰਮਚਾਰੀਆਂ ਨੂੰ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜਿੰਦਲ ਨੇ ਕਿਹਾ, “ਖਨਿਆਰਾ ਵਿਚ ਬੱਦਲ ਫਟਣ ਦੀ ਸੂਚਨਾ ਮਿਲਣ ਤੋਂ ਬਾਅਦ, ਪੰਜ ਮਿੰਟਾਂ ਦੇ ਅੰਦਰ ਰਾਜ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਇੱਕ ਬਚਾਅ ਟੀਮ ਮੌਕੇ ਉੱਤੇ ਪਹੁੰਚ ਗਈ। ਰਾਹਤ ਕਾਰਜਾਂ ਲਈ ਤਹਿਸੀਲਦਾਰ ਅਪੂਰਵ ਸ਼ਰਮਾ ਦੀ ਅਗਵਾਈ ਹੇਠ ਟੀਮ ਵੀ ਭੇਜੀ ਗਈ।
ਉਨ੍ਹਾਂ ਕਿਹਾ ਕਿ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵੀ ਕਦਮ ਚੁੱਕ ਰਿਹਾ ਹੈ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।