ਪਤੀ ਅਤੇ 3 ਬੱਚਿਆਂ ਦਾ ਕਤਲ ਕਰਕੇ ਭੱਜੀ ਪਤਨੀ, ਬੱਚਿਆਂ ਨੂੰ ਦਿੱਤਾ ਜ਼ਹਿਰ
ਮਹਿਲਾ ਨੇ ਪਤੀ ਦਾ ਕਤਲ ਕਰ ਕੇ ਫਾਹੇ 'ਤੇ ਲਟਕਾਇਆ
ਨੂਹ - ਹਰਿਆਣਾ ਦੇ ਨੂਹ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਪਿੰਡ ਨੂਹ 'ਚੋਂ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਦੋਸ਼ ਹੈ ਕਿ ਪਤਨੀ ਵੱਲੋਂ ਹੀ ਆਪਣੇ ਪਤੀ ਅਤੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ। ਸ਼ਨੀਵਾਰ ਸਵੇਰੇ ਪਿੰਡ 'ਚ ਇਕ ਵਿਅਕਤੀ ਦੀ ਲਾਸ਼ ਲਟਕਦੀ ਮਿਲੀ, ਜਦਕਿ ਉਸ ਦੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਬੈੱਡ 'ਤੇ ਪਈਆਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਵਿਅਕਤੀ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਨੂੰਹ ਨੇ ਉਹਨਾਂ ਦਾ ਕਤਲ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਜੀਤ ਸਿੰਘ (34) ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ, ਜਦੋਂ ਕਿ ਉਸ ਦੇ ਦੋ ਪੁੱਤਰਾਂ, 12 ਅਤੇ 8 ਸਾਲ ਅਤੇ 10 ਸਾਲ ਦੀ ਬੇਟੀ ਦੀਆਂ ਲਾਸ਼ਾਂ ਘਰ ਦੇ ਇੱਕ ਕਮਰੇ ਵਿਚ ਬੈੱਡ 'ਤੇ ਪਈਆਂ ਮਿਲੀਆਂ। ਘਟਨਾ ਗੰਗੋਲੀ ਪਿੰਡ ਦੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਿੰਘ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਨੂੰਹ ਮੀਨਾ ਨੇ ਆਪਣੇ ਦੋਸਤ ਅਤੇ ਆਪਣੇ ਮਾਤਾ-ਪਿਤਾ ਦੀ ਮਦਦ ਨਾਲ ਸ਼ੁੱਕਰਵਾਰ ਰਾਤ ਨੂੰ ਅਪਣੇ ਪਤੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਲਟਕਾ ਦਿੱਤੀ।
ਪੁਲਿਸ ਨੇ ਦੱਸਿਆ ਕਿ ਔਰਤ 'ਤੇ ਤਿੰਨ ਬੱਚਿਆਂ ਨੂੰ ਜ਼ਹਿਰ ਦੇਣ ਦਾ ਵੀ ਦੋਸ਼ ਹੈ।
ਸ਼ਿਕਾਇਤਕਰਤਾ ਅਨੁਸਾਰ ਮੀਨਾ ਜੀਤ ਸਿੰਘ ਦੀ ਦੂਜੀ ਪਤਨੀ ਹੈ ਅਤੇ ਜੋੜੇ ਦੇ ਤਿੰਨ ਬੱਚੇ ਹਨ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਮੀਨਾ, ਉਸ ਦੇ ਮਾਤਾ-ਪਿਤਾ ਅਤੇ ਉਸ ਦੇ ਦੋਸਤ ਰੋਹਿਤ ਦੇ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਔਰਤ ਫਰਾਰ ਦੱਸੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਔਰਤ ਦਾ ਚਰਿੱਤਰ ਚੰਗਾ ਨਹੀਂ ਸੀ। ਪਤੀ-ਪਤਨੀ ਵਿਚ ਝਗੜਾ ਰਹਿੰਦਾ ਸੀ ਅਤੇ ਪਤਨੀ ਕਈ ਦਿਨਾਂ ਤੱਕ ਘਰੋਂ ਗਾਇਬ ਰਹਿੰਦੀ ਸੀ। ਪਰਿਵਾਰ ਵਾਲਿਆਂ ਨੂੰ ਉਸ ਦੇ ਚਰਿੱਤਰ 'ਤੇ ਸ਼ੱਕ ਸੀ। ਇਸ ਬਾਰੇ ਔਰਤ ਦੇ ਨਾਨਕੇ ਘਰ ਵਿਚ ਵੀ ਦੱਸਿਆ ਗਿਆ ਪਰ ਕੋਈ ਸੁਧਾਰ ਨਹੀਂ ਹੋਇਆ। ਪੁਲਿਸ ਨੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਜੀਤ ਸਿੰਘ ਪੁੱਤਰ ਖਿਲਾੜੀ ਤੇ ਪ੍ਰਿਯਾਂਸ਼ੂ ਅਤੇ ਬੇਟੀ ਰਾਧਿਕਾ ਵਜੋਂ ਹੋਈ ਹੈ।