Abhishek Singhvi : ਧਰਮ ਨਿਰਪੱਖ ਸਿਵਲ ਕੋਡ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਜੁਮਲੇਬਾਜ਼ੀ ਹੈ : ਅਭਿਸ਼ੇਕ ਸਿੰਘਵੀ
ਕਿਹਾ -ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਚੋਣਾਂ ਤੋਂ ਪਹਿਲਾਂ ਅਜਿਹੀਆਂ ਧਾਰਨਾਵਾਂ ਨੂੰ ਅਕਸਰ ਲੋਕਾਂ ਦੇ ਗਲੇ ’ਚ ਜ਼ਬਰਦਸਤੀ ਸੁੱਟ ਦਿਤਾ ਜਾਂਦਾ ਹੈ
Abhishek Singhvi : ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਸਿੰਘਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਰਮ ਨਿਰਪੱਖ ਸਿਵਲ ਕੋਡ ਦੀ ਮੰਗ ਨੂੰ ‘ਜੁਮਲੇਬਾਜ਼ੀ’ ਕਰਾਰ ਦਿੰਦੇ ਹੋਏ ਕਿਹਾ ਕਿ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਚੋਣਾਂ ਤੋਂ ਪਹਿਲਾਂ ਅਜਿਹੀਆਂ ਧਾਰਨਾਵਾਂ ਨੂੰ ਅਕਸਰ ਲੋਕਾਂ ਦੇ ਗਲੇ ’ਚ ਜ਼ਬਰਦਸਤੀ ਸੁੱਟ ਦਿਤਾ ਜਾਂਦਾ ਹੈ।
ਪਿਛਲੇ ਹਫਤੇ ਤੇਲੰਗਾਨਾ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ ਸਿੰਘਵੀ ਨੇ ਕਿਹਾ ਕਿ ਜੇਕਰ ਸੰਕਲਪਾਂ ’ਤੇ ਆਮ ਸਹਿਮਤੀ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਇਸ ਵਿਚ ਕੁੱਝ ਵੀ ਗਲਤ ਨਹੀਂ ਹੈ।
ਉਨ੍ਹਾਂ ਕਿਹਾ, ‘‘ਤੁਸੀਂ ਅਪਣੇ ਸਾਥੀਆਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਲਾਲ ਕਿਲ੍ਹੇ ਦੀ ਫਸੀਲ ਤੋਂ ਕੋਈ ‘ਫਲਾਣਾ’ ਐਲਾਨ ਨਹੀਂ ਕਰ ਸਕਦੇ। ਅੱਜ ਮੈਂ ਗੁਣਾਂ ਦੀ ਚਰਚਾ ਨਹੀਂ ਕਰ ਰਿਹਾ, ਬਲਕਿ ‘ਇਕ ਰਾਸ਼ਟਰ, ਇਕ ਚੋਣ’ ਦੀ ਚਰਚਾ ਕਰ ਰਿਹਾ ਹਾਂ। ਕੀ ਤੁਸੀਂ ਇਸ ਨੂੰ ਕਿਸੇ ਖਾਸ ਉੱਚ ਪੱਧਰੀ ਸਲਾਹ-ਮਸ਼ਵਰੇ ਤੋਂ ਬਿਨਾਂ ਲਾਗੂ ਕਰ ਸਕਦੇ ਹੋ? ਇਹ ਕਹਿਣ ਦਾ ਕੀ ਮਤਲਬ ਹੈ ਕਿ ‘ਮੈਂ ਯੂਨੀਫਾਰਮ ਸਿਵਲ ਕੋਡ ਲਿਆ ਰਿਹਾ ਹਾਂ’ ਪਰ ਤੁਸੀਂ ਇਸ ਨੂੰ ਧਰਮ ਨਿਰਪੱਖ ਸਿਵਲ ਕੋਡ ਕਹਿ ਰਹੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਇਸ ਨੂੰ ਆਮ ਸਹਿਮਤੀ ਨਾਲ ਲਾਗੂ ਨਹੀਂ ਕਰ ਸਕਦੇ।’’
ਚਾਰ ਵਾਰ ਸੰਸਦ ਮੈਂਬਰ ਅਤੇ ਮਸ਼ਹੂਰ ਵਕੀਲ ਸਿੰਘਵੀ ਨੇ ਕਿਹਾ, ‘‘ਕੀ ਕਦੇ ਇਹ ਵੇਖਿਆ ਗਿਆ ਸੀ ਕਿ ਉਤਰਾਖੰਡ ’ਚ ਯੂ.ਸੀ.ਸੀ. ਹੋਵੇਗਾ ਪਰ ਜਦੋਂ ਤੁਸੀਂ ਉੱਤਰ ਪ੍ਰਦੇਸ਼ ’ਚ ਕਾਰ ਤੋਂ ਉਤਰੋਗੇ ਤਾਂ ਕੋਈ ਯੂ.ਸੀ.ਸੀ. ਨਹੀਂ ਹੋਵੇਗਾ। ਕੀ ਇਹ ਯੂਨੀਫਾਰਮ ਸਿਵਲ ਕੋਡ ਹੈ ਜਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।’’