ਰਾਫੇਲ ਦੇ ਬਚਾਅ 'ਚ ਅੱੱਗੇ ਆਏ ਹਵਾਈ ਸੈਨਾ ਮੁਖੀ ਬੀਐਸ ਧਨੋਆ, ਦਿਤਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਵਾਈ ਸੈਨਾ ਮੁਖੀ ਬੀਐਸ ਧਨੋਆ ਨੇ ਆਪਣੇ ਬਿਆਨ ਵਿਚ ਰਾਫੇਲ ਡੀਲ ਨੂੰ ਵਧੀਆ ਸੌਦਾ ਕਰਾਰ ਦਿਤਾ

Air Chief Marshal BS Dhanoa

ਨਵੀਂ ਦਿੱਲੀ : ਰਾਫੇਲ ਡੀਲ 'ਤੇ ਵਿਰੋਧੀ ਧਿਰ ਵਲੋਂ ਲਗਾਤਾਰ ਕੀਤੇ ਜਾ ਰਹੇ ਸਵਾਲਾਂ ਦੌਰਾਨ ਹਵਾਈ ਸੈਨਾ ਮੁਖੀ ਬੀਐਸ ਧਨੋਆ ਨੇ ਆਪਣੇ ਬਿਆਨ ਵਿਚ ਇਸਨੂੰ ਵਧੀਆ ਸੌਦਾ ਕਰਾਰ ਦਿਤਾ ਹੈ। ਏਅਰ ਚੀਫ ਮਾਰਸ਼ਲ ਧਨੋਆ ਨੇ ਕਿਹਾ ਕਿ ਸਰਕਾਰ ਨੇ 36 ਰਾਫੇਲ ਲੜਾਕੂ ਜਹਾਜ ਖਰੀਦ ਕੇ ਵੱਡਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਦੁਸ਼ਮਣਾਂ ਦੇ ਵਿਰੁਧ ਹਵਾਈ ਸੈਨਾ ਨੂੰ ਉਚ ਗੁਣਵੱਤਾ ਅਤੇ ਉਚ ਤਕਨੀਕ ਵਾਲੇ ਜਹਾਜ ਦਿਤੇ ਜਾ ਰਹੇ ਹਨ। ਧਨੋਆ ਨੇ ਕਿਹਾ ਕਿ ਸਾਡੇ ਕੋਲ ਤਿੰਨ ਬਦਲ ਸਨ। ਪਹਿਲਾ ਇਹ ਕਿ ਕੁਝ ਹੋਰ ਦੇਰ ਇੰਤਜ਼ਾਰ ਕਰਦੇ, ਦੂਜਾ ਰਾਫੇਲ ਲੜਾਕੂ ਜਹਾਜ ਨੂੰ ਵਾਪਿਸ ਕਰਦੇ ਜਾਂ ਫਿਰ ਐਮਰਜੇਸੀਂ ਖਰੀਦ ਕਰਦੇ।

ਅਸੀਂ ਐਮਰਜੇਂਸੀ ਖਰੀਦ ਕੀਤੀ। ਰਾਫੇਲ ਅਤੇ ਐਸ-400 ਦੋਨੋਂ ਹਵਾਈ ਸੈਨਾ ਦੀ ਤਾਕਤ ਵਿਚ ਵਾਧਾ ਕਰਨਗੇ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਐਚਐਲ ਦੇ ਨਾਲ ਹੋਏ ਕਰਾਰ ਵਿਚ ਡਿਲੀਵਰੀ ਨੂੰ ਲੈ ਕੇ ਬਹੁਤ ਦੇਰੀ ਹੋ ਰਹੀ ਹੈ। ਸੁਖੋਈ-30 ਦੀ ਡਿਲੀਵਰੀ ਵਿਚ ਤਿੰਨ ਸਾਲ ਦੀ ਦੇਰੀ, ਜਗੁਆਰ ਦੀ ਡਿਲੀਵਰੀ ਵਿਚ 6 ਸਾਲ ਦੀ ਦੇਰੀ, ਲਾਈਟ ਕੰਮਬੈਟ ਏਅਰਕਰਾਫਟ ਦੀ ਡਿਲੀਵਰੀ ਵਿਚ 5 ਸਾਲ ਦੀ ਦੇਰੀ ਅਤੇ ਮਿਰਾਜ 2000 ਅਪਗ੍ਰੇਡ ਦੀ ਡਿਲੀਵਰੀ ਵਿਚ 2 ਸਾਲ ਦੀ ਦੇਰੀ ਹੋਈ।

ਉਨਾਂ ਹੋਰ ਕਿਹਾ ਕਿ ਸਕਵਾਡਰੋਨਸ ਦਾ ਕਮਜ਼ੋਰ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਲਈ ਰਾਫੇਲ ਵਧੀਆ ਸੌਦਾ ਹੈ ਅਤੇ ਇਹ ਜਹਾਜ ਉਪ ਮਹਾਦੀਪ ਲਈ ਮਹਤਵਪੂਰਨ ਸਾਬਿਤ ਹੋਵੇਗਾ। ਉਨਾਂ ਕਿਹਾ ਕਿ ਦਸਾਲਟ ਏਵੀਏਸ਼ਨ ਨੇ ਆਫਸੈਟ ਸਾਂਝੇਦਾਰ ਨੂੰ ਚੁਣਿਆ। ਸਰਕਾਰ ਅਤੇ ਭਾਰਤੀ ਹਵਾਈ ਸੈਨਾ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਸੀ। ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਧਿਰ 'ਤੇ ਰਾਫੇਲ ਸੌਦੇ ਵਿਚ ਅਨਿਲ ਅੰਭਾਨੀ ਦੀ ਰਿਲਾਇੰਸ ਡਿਫੈਂਸ ਲਿਮਿਟੇਡ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਗ ਰਿਹਾ ਹੈ।

ਭਾਜਪਾ ਨੇ ਇਨਾਂ ਸਾਰੇ ਦੋਸ਼ਾਂ ਨੂੰ ਝੂਠਾ ਦਸਿਆ ਹੈ। ਰਾਫੇਲ ਵਿਵਾਦ ਵਿਚ ਦਿਲਚਸਪ ਮੋੜ ਪਿਛਲੇ ਮਹੀਨੇ ਉਸ ਵੇਲੇ ਆਇਆ ਜਦੋਂ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਫਰਾਂਸ ਨੂੰ ਦਸਾਲਟ ਵਾਸਤੇ ਭਾਰਤੀ ਸਾਂਝੇਦਾਰ ਚੁਣਨ ਲਈ ਕੋਈ ਬਦਲ ਨਹੀਂ ਦਿਤਾ ਗਿਆ। ਭਾਰਤ ਸਰਕਾਰ ਨੇ ਫਰੈਂਚ ਏਅਰੋਸਪੇਸ ਕੰਪਨੀ ਦੇ ਲਈ ਆਫਸੈਟ ਸਾਂਝੇਦਾਰ ਦੇ ਰੂਪ ਵਿਚ ਰਿਲਾਇੰਸ ਦਾ ਨਾਮ ਦੀ ਪੇਸ਼ਕਸ਼ ਕੀਤੀ ਸੀ। ਪ੍ਰਧਾਨਮੰਤਰੀ ਮੋਦੀ ਨੇ 10 ਅਪ੍ਰੈਲ 2015 ਨੂੰ ਪੈਰਿਸ ਵਿਖੇ ਓਲਾਂਦ ਨਾਲ ਗਲਬਾਤ ਕਰਨ ਤੋਂ ਬਾਅਦ 36 ਰਾਫੇਲ ਜ਼ਹਾਜਾਂ ਨੂੰ ਖਰੀਦਣ ਦਾ ਐਲਾਨ ਕੀਤਾ ਸੀ।