ਕੋਵਿਡ -19 ਟੀਕਾ 2021 'ਚ ਪਤਝੜ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਨਹੀਂ: ਮਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਵੇਖਣ 'ਚ ਸ਼ਾਮਲ ਇਕ ਤਿਹਾਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੋ ਟੀਕਾ ਵਿਕਸਤ ਕੀਤਾ ਜਾਏਗਾ, ਉਸ ਨੂੰ ਦੋ ਵੱਡੇ ਝਟਕੇ ਲੱਗ ਸਕਦੇ ਹਨ। 

Corona Vaccine

ਨਵੀਂ ਦਿੱਲੀ : ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਟੀਕਾ ਵਿਕਸਤ ਕਰਨ ਲਈ ਕੰਮ ਕਰ ਰਹੇ ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ -19 ਲਈ ਪ੍ਰਭਾਵੀ ਟੀਕੇ 2021 ਦੇ ਪਤਝੜ ਦੇ ਮੌਸਮ ਤੋਂ ਪਹਿਲਾਂ ਲੋਕਾਂ ਨੂੰ ਉਪਲਬਧ ਹੋਣ ਦੀ ਕੋਈ ਸੰਭਾਵਨਾ ਨਹੀਂ। ਕੈਨੇਡਾ 'ਚ ਮੈਕਗਿਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਟੀਕੇ ਵਿਕਸਤ ਕਰਨ ਲਈ ਕੰਮ ਕਰ ਰਹੇ 28 ਮਾਹਰਾਂ ਨੂੰ ਲੈ ਕੇ ਸਰਵੇਖਣ ਕੀਤਾ। ਇਸ ਸਰਵੇਖਣ 'ਚ ਸ਼ਾਮਲ ਕੀਤੇ ਗਏ ਮਾਹਰ ਜ਼ਿਆਦਾਤਰ ਕੈਨੇਡੀਅਨ ਜਾਂ ਅਮਰੀਕੀ ਵਿਗਿਆਨੀ ਹਨ, ਜੋ ਔਸਤਨ ਪਿਛਲੇ 25 ਸਾਲਾਂ ਤੋਂ ਇਸ ਖੇਤਰ 'ਚ ਕੰਮ ਕਰ ਰਹੇ ਹਨ।

ਮੈਕਗਿਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੋਨਾਥਨ ਕਿਮਲਮੈਨ ਨੇ ਕਿਹਾ, “ਸਾਡੇ ਸਰਵੇਖਣ 'ਚ ਮਾਹਰਾਂ ਨੇ ਟੀਕਾ ਬਣਾਉਣ ਨੂੰ ਲੈ ਕੇ ਜੋ ਅੰਦਾਜ਼ਾ ਲਗਾਇਆ ਹੈ, ਉਹ ਅਮਰੀਕੀ ਸਰਕਾਰੀ ਅਧਿਕਾਰੀਆਂ ਦੁਆਰਾ ਸਾਲ 2021 ਦੇ ਸ਼ੁਰੂ ਵਿਚ ਮਿੱਥੀ ਗਈ ਮਿਤੀ ਤੋਂ ਘੱਟ ਆਸ਼ਾਵਾਦੀ ਹਨ।'' ਕਿਮਲਮੈਨ ਨੇ ਕਿਹਾ ਕਿ ਵਿਗਿਆਨੀ ਮੰਨਦੇ ਹਨ ਕਿ ਆਮ ਲੋਕਾਂ ਲਈ ਅਗਲੇ ਸਾਲ ਗਰਮੀਆਂ ਦੇ ਦੌਰਾਨ ਟੀਕੇ ਦਾ ਵਿਕਾਸ ਕਰਨਾ ਵਧੀਆ ਰਹੇਗਾ, ਪਰ ਇਸ ਨੂੰ ਆਉਣ 'ਚ 2022 ਤਕ ਦਾ ਸਮਾਂ ਲੱਗ ਸਕਦਾ ਹੈ।

ਅਧਿਐਨ 'ਚ ਵਿਖਾਇਆ ਗਿਆ ਹੈ ਕਿ ਸਰਵੇਖਣ 'ਚ ਸ਼ਾਮਲ ਇਕ ਤਿਹਾਈ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੋ ਟੀਕਾ ਵਿਕਸਤ ਕੀਤਾ ਜਾਏਗਾ, ਉਸ ਨੂੰ ਦੋ ਵੱਡੇ ਝਟਕੇ ਲੱਗ ਸਕਦੇ ਹਨ।