ਦੇਸ਼ ਵਿਚ ਕੋਰੋਨਾ ਮਾਮਲੇ 64 ਲੱਖ ਤੋਂ ਪਾਰ, 24 ਘੰਟੇ 'ਚ ਆਏ 79,476 ਨਵੇਂ ਮਾਮਲੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਵੀ 1 ਲੱਖ ਤੋਂ ਪਾਰ

Corona Virus

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਜਾਰੀ ਹੈ। ਦੇਸ਼ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 64 ਲੱਖ ਤੋਂ ਪਾਰ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਵੀ 1 ਲੱਖ ਤੋਂ ਪਾਰ ਪਹੁੰਚ ਗਿਆ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 79 ਹਜ਼ਾਰ 476 ਨਵੇਂ ਮਾਮਲੇ ਸਾਹਮਣੇ ਆਏ ਜਦਕਿ 1069 ਲੋਕਾਂ ਦੀ ਮੌਤ ਹੋਈ। ਪਿਛਲੇ 24 ਘੰਟਿਆਂ ਵਿਚ ਨਵੇਂ ਮਾਮਲੇ ਆਉਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 64,73,544 ਤੱਕ ਪਹੁੰਚ ਗਈ ਹੈ।

ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਹਾਲੇ ਕੋਰੋਨਾ ਦੇ 9 ਲੱਖ 44 ਹਜ਼ਾਰ 996 ਐਕਟਿਵ ਕੇਸ ਹਨ ਜਦਕਿ ਕੋਰੋਨਾ ਦੇ ਚਲਦਿਆਂ 1 ਲੱਖ 842 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਹੁਣ ਤੱਕ 54 ਲੱਖ 27 ਹਜ਼ਾਰ 706 ਲੋਕ ਰਿਕਵਰ ਹੋ ਚੁੱਕੇ ਹਨ। ਆਈਸੀਐਮਆਰ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 11,32,657 ਕੋਰੋਨਾ ਟੈਸਟ ਕੀਤੇ ਗਏ।

ਆਈਸੀਐਮਆਰ ਨੇ ਕਿਹਾ ਹੈ ਕਿ ਕੋਰੋਨਾ ਜਾਂਚ ਨਾਲ ਮਰੀਜ਼ਾਂ ਦਾ ਪਤਾ ਲਗਾਉਣਾ ਆਸਾਨ ਹੋ ਜਾਂਦਾ ਹੈ ਅਤੇ ਉਹ ਜਲਦੀ ਸਿਹਤਮੰਦ ਹੋ ਜਾਂਦੇ ਹਨ। ਦੱਸ ਦਈਏ ਕਿ ਦੁਨੀਆ ਵਿਚ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਕੋਰੋਨਾ ਕਾਰਨ ਹੋਈਆਂ ਮੌਤਾਂ ਵਿਚ ਤੀਜੇ ਨੰਬਰ ‘ਤੇ ਆ ਗਿਆ ਹੈ।