ਮਨਮੋਹਨ ਸਿੰਘ ਵੀ ਸੀ ਖੇਤੀ ਬਿੱਲਾਂ ਦੇ ਹੱਕ 'ਚ, ਹੁਣ ਵਿਰੋਧ ਕਰ ਰਹੀ ਹੈ ਕਾਂਗਰਸ - ਹਰਦੀਪ ਪੁਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਵਿਚ ਖੇਤੀਬਾੜੀ ਬਿੱਲ ਆਇਆ ਤਾਂ 107 ਵਿਚੋਂ 33 ਸੰਸਦ ਮੈਂਬਰ ਗਾਇਬ ਸਨ - ਹਰਦੀਪ ਪੁਰੀ

Hardeep Puri

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਨਾਲ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਹਰ ਪਾਸੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਰਾਜਨੀਤਿਕ ਪਾਰਟੀਆਂ ਇਸ ਵਿਚ ਆਪਣਾ ਫਾਇਦਾ ਲੱਭ ਰਹੀਆਂ ਹਨ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਦੀਪ ਪੁਰੀ ਅੱਜ ਚੰਡੀਗੜ੍ਹ ਪਹੁੰਚੇ ਅਤੇ ਇਸ ਬਿੱਲ ਨੂੰ ਲੈ ਕੇ ਚੱਲ ਰਹੀ ਰਾਜਨੀਤੀ ਬਾਰੇ ਪ੍ਰੈਸ ਕਾਨਫਰੰਸ ਕੀਤੀ। 

ਹਰਦੀਪ ਪੁਰੀ ਨੇ ਸਵਾਲ ਕੀਤਾ ਕਿ ਜਦੋਂ 20 ਸਤੰਬਰ ਨੂੰ ਰਾਜ ਸਭਾ ਵਿਚ ਖੇਤੀਬਾੜੀ ਬਿੱਲ ਆਇਆ ਤਾਂ 107 ਵਿਚੋਂ 33 ਸੰਸਦ ਮੈਂਬਰ ਗਾਇਬ ਕਿਉਂ ਸਨ। ਇੰਨਾ ਹੀ ਨਹੀਂ, ਉਸ ਸਮੇਂ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਮੋਂਟੇਕ ਸਿੰਘ ਆਹਲੂਵਾਲੀਆ ਨੇ ਵੀ ਇਨ੍ਹਾਂ ਬਿੱਲਾਂ ਦਾ ਸਮਰਥਨ ਕੀਤਾ ਸੀ ਅਤੇ ਹੁਣ ਅਚਾਨਕ ਕਾਂਗਰਸ ਇਸ ਬਿੱਲ ਦਾ ਵਿਰੋਧ ਕਿਉਂ ਕਰ ਰਹੀ ਹੈ।

ਹਰਦੀਪ ਪੁਰੀ ਨੇ ਕਿਹਾ ਕਿ ਦਿੱਲੀ ਦੇ ਇੰਡੀਆ ਗੇਟ ਵਿਖੇ ਕਾਂਗਰਸੀਆਂ ਦੁਆਰਾ ਸਾੜਿਆ ਗਿਆ ਟਰੈਕਟਰ ਸਾਬਤ ਕਰਦਾ ਹੈ ਕਿ ਕਾਂਗਰਸ ਕਿਸਾਨਾਂ ਦਾ ਦੁੱਖ ਨਹੀਂ ਦੇਖਦੀ, ਇਹ ਸਿਰਫ਼ ਕਿਸਾਨਾਂ ਦੇ ਹੱਕ ਵਿਚ ਹੋਣ ਦਾ ਦਿਖਾਵਾ ਕਰ ਰਹੀ ਹੈ। ਹਰਦੀਪ ਸਿੰਘ ਪੁਰੀ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਬਿੱਲਾਂ ਨੂੰ ਲੈ ਕੇ ਕਾਂਗਰਸ ਸਮੇਤ ਬਾਕੀ ਵਿਰੋਧੀ ਧਿਰਾਂ ਦੇ ਮਨਾਂ 'ਚ ਜੇਕਰ ਕੋਈ ਖਦਸ਼ਾ ਹੈ ਤਾਂ ਉਹ ਪ੍ਰਦਰਸ਼ਨ ਕਰਨ ਦੀ ਬਜਾਏ ਲੋਕ ਸਭਾ 'ਚ ਆਪਣੀ ਗੱਲ ਰੱਖਣ।

ਜਿਸ 'ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜਿਹੜੇ ਖੇਤੀ ਬਿੱਲ ਹਨ, ਇਨ੍ਹਾਂ 'ਚ ਕੋਈ ਨਵੀਂ ਗੱਲ ਨਹੀਂ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ 'ਤੇ ਬੋਲਦੇ ਹੋਏ ਕਿਹਾ ਕਿ ਜੇਕਰ ਮੈਨੀਫੈਸਟੋ ਨੂੰ ਪੜ੍ਹ ਲਿਆ ਜਾਵੇ ਤਾਂ ਇਨ੍ਹਾਂ ਖੇਤੀ ਬਿੱਲਾਂ 'ਚ ਕੋਈ ਫਰਕ ਨਹੀਂ ਹੈ। ਇਹ ਸਾਰੇ ਬਿੱਲ ਕਿਸਾਨਾਂ ਵਾਸਤੇ ਸਹੀ ਹਨ। 

ਕੇਂਦਰੀ ਮੰਤਰੀ ਨੇ ਕਿਹਾ ਕਿ 20 ਸਤੰਬਰ ਨੂੰ ਬਟਨ ਦਬਾ ਕੇ ਆਪਣੀ ਰਾਏ ਰੱਖਣੀ ਚਾਹੀਦੀ ਸੀ, ਪਰ 'ਚ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ, ਮਾਇਕ ਤੋੜੇ ਗਏ, ਇਹ ਤਰੀਕਾ ਸਹੀ ਨਹੀਂ ਸੀ। ਉਹਨਾਂ ਨੇ ਅੱਗੇ ਕਿਹਾ ਕਿ ਝੂਠ ਫੈਲਾਇਆ ਜਾ ਰਿਹਾ ਹੈ ਕਿ ਨਿੱਜੀ ਲੋਕ ਆਉਣਗੇ ਜ਼ਮੀਨਾਂ 'ਤੇ ਕਬਜ਼ਾ ਕਰਨ ਲੈਣਗੇ, ਪਰ ਬਿੱਲ 'ਚ ਸਾਫ ਲਿਖਿਆ ਹੈ ਕਿ ਕੋਈ ਵੀ ਕਿਸਾਨ ਦੀ ਜ਼ਮੀਨ 'ਤੇ ਕਬਜ਼ਾ ਨਹੀਂ ਕਰ ਸਕਦਾ।

ਦੱਸ ਦਈਏ ਕਿ ਚੰਡੀਗੜ੍ਹ ਦੇ ਭਾਜਪਾ ਹੈੱਡਕੁਆਰਟਰ ਵਿਚ ਆਯੋਜਿਤ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਸੀਪੀਆਈ ਵਰਕਰ ਉਥੇ ਪਹੁੰਚੇ ਅਤੇ ਹੰਗਾਮਾ ਮਚਾ ਦਿੱਤਾ। ਕਾਰਕੁਨਾਂ ਨੇ ਕਾਲੇ ਕਾਨੂੰਨ ਦੀ ਵਾਪਸੀ ਲਈ ਨਾਅਰੇਬਾਜ਼ੀ ਵੀ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ।