ਹਾਥਰਸ ਲਈ ਰਵਾਨਾ ਹੋਏ ਰਾਹੁਲ ਅਤੇ ਪ੍ਰਿਯੰਕਾ ਗਾਂਧੀ, UP ਪੁਲਿਸ ਨੇ ਰੋਕਣ ਲਈ ਕੀਤੇ ਸਖ਼ਤ ਪ੍ਰਬੰਧ
ਗੈਂਗਰੇਪ ਪੀੜਤ ਲੜਕੀ ਦੇ ਪਰਿਵਾਰ ਨੂੰ ਮਿਲੇਗਾ ਕਾਂਗਰਸ ਦਾ ਵਫਦ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ 19 ਸਾਲਾ ਲੜਕੀ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਪੂਰਾ ਦੇਸ਼ ਰੋਸ ਵਿਚ ਹੈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੁਬਾਰਾ ਹਾਥਰਸ ਜਾਣ ਲਈ ਦਿੱਲੀ ਤੋਂ ਰਵਾਨਾ ਹੋ ਗਏ ਹਨ।
ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੀ ਅਗਵਾਈ ਵਿਚ ਕਾਂਗਰਸੀ ਵਰਕਰ ਮ੍ਰਿਤਕ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਦਰਅਸਲ ਬੀਤੇ ਦਿਨੀਂ ਹਾਥਰਸ ਵਿਖੇ ਇਕ ਦਲਿਤ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਸੀ। ਲੜਕੀ ਦੀ ਇਲਾਜ ਦੌਰਾਨ ਦਿੱਲੀ ਦੇ ਹਸਪਤਾਲ ਵਿਚ ਮੌਤ ਹੋ ਗਈ। ਇਸ ਹਾਦਸੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਤੇ ਯੂਪੀ ਸਰਕਾਰ ਦੀ ਕਾਫ਼ੀ ਅਲ਼ੋਚਨਾ ਹੋ ਰਹੀ ਹੈ।
ਦਿੱਲੀ-ਨੋਇਡਾ ਡਾਇਰੈਕਟ ਫਲਾਈਵੇ 'ਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਪੁਲਿਸ ਕਰਮੀਆਂ ਨਾਲ ਸਾਹਮਣਾ ਹੋਵੇਗਾ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਰੋਕਣ ਲਈ ਇੱਥੇ ਕਰੀਬ 100 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ। ਪੁਲਿਸ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਕਾਂਗਰਸ ਨੇਤਾਵਾਂ ਨੂੰ ਦਿੱਲੀ-ਨੋਇਡਾ ਦਾ ਬਾਡਰ ਪਾਰ ਨਹੀਂ ਕਰਨ ਦਿੱਤਾ ਜਾਵੇਗਾ।
ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਕਰੀਬ 2.30 ਵਜੇ ਦਿੱਲੀ ਤੋਂ ਨਿਕਲੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਅਗਵਾਈ ਵਿਚ ਕਾਂਗਰਸ ਦਾ ਵਫ਼ਦ ਸ਼ਨੀਵਾਰ ਦੁਪਹਿਰ ਨੂੰ ਪੀੜਤਾ ਦੇ ਪਰਿਵਾਰ ਨਾਲ ਗੱਲਬਾਤ ਕਰੇਗਾ। ਕਾਂਗਰਸ ਵਫਦ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰੇਗਾ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਸੀ ਕਿ ਦੁਨੀਆਂ ਦੀ ਕੋਈ ਵੀ ਤਾਕਤ ਮੈਨੂੰ ਹਾਥਰਸ ਦੇ ਇਸ ਦੁਖੀ ਪਰਿਵਾਰ ਨੂੰ ਮਿਲ ਕੇ ਉਹਨਾਂ ਦਾ ਦਰਦ ਵੰਡਣ ਤੋਂ ਨਹੀਂ ਰੋਕ ਸਕਦੀ।