ਰਾਹੁਲ ਗਾਂਧੀ ਦਾ ਹਾਥਰਸ ਜਾਣਾ ਸਿਆਸੀ ਨਾਟਕ : ਸਮਰਿਤੀ ਇਰਾਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਦਾ ਹਾਥਰਸ ਜਾਣਾ ਸਿਆਸੀ ਨਾਟਕ : ਸਮਰਿਤੀ ਇਰਾਨੀ

image

ਨਵੀਂ ਦਿੱਲੀ, 3 ਅਕਤੂਬਰ : ਹਾਥਰਸ ਕੇਸ 'ਚ ਅਪਣੀ ਚੁੱਪੀ ਤੌੜਦਿਆਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਦੇ ਅੱਜ ਹਾਥਰਸ ਜਾਣ ਨੂੰ ਕੇਂਦਰੀ ਮੰਤਰੀ ਨੇ ਸਿਆਸੀ ਨਾਟਕ ਦਸਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਯੋਗੀ ਸਰਕਾਰ ਪੀੜਤ ਪਰਵਾਰ ਨੂੰ ਨਿਆਂ ਦਿਵਾਏਗੀ। ਸਮਿਰਤੀ ਨੇ ਕਿਹਾ ਕਿ ਰਾਹੁਲ ਦਾ ਹਾਥਰਸ ਵਲ ਕੂਚ ਕਰਨਾ ਰਾਜਨੀਤੀ ਲਈ ਹੈ, ਇਨਸਾਫ਼ ਲਈ ਨਹੀਂ। ਸਮਰਿਤੀ ਨੇ ਪ੍ਰਿਯੰਕਾ ਗਾਂਧੀ ਵੱਲ ਇਸ਼ਾਰਾ ਅਤੇ ਅਪੀਲ ਕਰਦੇ ਹੋਏ ਕਿਹਾ,''ਹਰ ਕੋਈ ਮਦਦ ਲਈ ਉਥੇ ਪਹੁੰਚੇ, ਰਾਜਨੀਤੀ ਲਈ ਨਹੀਂ।''

image


     ਸਮਰਿਤੀ ਨੇ ਕਿਹਾ ਕਿ ਮੈਂ ਕਿਸੇ ਹੋਰ ਪ੍ਰਦੇਸ਼ ਦੇ ਮਾਮਲੇ 'ਚ ਦਖ਼ਲ ਨਹੀਂ ਦਿੰਦੀ ਪਰ ਹਾਂ ਮੈਂ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨਾਲ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਐਸ.ਆਈ.ਟੀ. ਦਾ ਗਠਨ ਕੀਤਾ ਹੈ। ਐੱਸ.ਆਈ.ਟੀ. ਦੀ ਰਿਪੋਰਟ ਆਉਣ ਦਿਉ। ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਦਖ਼ਲਅੰਦਾਜ਼ੀ ਕੀਤੀ ਜਾਂ ਜਿਨ੍ਹਾਂ ਲੋਕਾਂ ਨੇ ਪੀੜਤਾਂ ਨੂੰ ਨਿਆਂ ਨਾ ਮਿਲ ਸਕੇ, ਇਸ ਦੀ ਸਾਜਸ਼ ਕੀਤੀ ਹੈ, ਉਨ੍ਹਾਂ ਵਿਰੁੱਧ ਯੋਗੀ ਸਖ਼ਤ ਕਾਰਵਾਈ ਕਰਨਗੇ।''


ਸਮਰਿਤੀ ਨੇ ਕਿਹਾ ਕਿ ਕੇਂਦਰ ਦੀ ਸੱਤਾ 'ਚ ਰਹਿੰਦੇ ਹੋਏ ਕਾਂਗਰਸ ਨੇ ਔਰਤਾਂ ਦੀ ਸੁਰੱਖਿਆ ਪ੍ਰਤੀ ਬੇਫ਼ਿਕਰੀ ਦਿਖਾਈ ਪਰ  ਮੋਦੀ ਨੇ ਨਿਰਭਯਾ ਫ਼ੰਡ ਤੋਂ 9 ਹਜ਼ਾਰ ਕਰੋੜ ਰੁਪਏ ਸੂਬਿਆਂ ਨੂੰ ਦਿਤੇ। ਇੰਨਾ ਹੀ ਨਹੀਂ ਉਸ ਫ਼ੰਡ ਦੀ ਵਰਤੋਂ ਜਨਾਨੀਆਂ ਦੀ ਸੁਰੱਖਿਆ ਲਈ ਕਰਨ ਲਈ ਵਾਰ-ਵਾਰ ਸੂਬਾ ਸਰਕਾਰਾਂ ਤੋਂ ਅਪੀਲ ਕਰਦੀ ਹਾਂ। ਉਨ੍ਹਾਂ ਕਿਹਾ ਸਾਲ 2015 ਤੋਂ ਬਾਅਦ ਔਰਤਾਂ ਦੀ ਸੁਰੱਖਿਆ ਲਈ ਸਥਾਪਤ ਮਹਿਲਾ ਹੈਲਪਲਾਈਨ ਨੰਬਰਾਂ 'ਤੇ ਹੁਣ ਤਕ 55 ਲੱਖ ਤੋਂ ਵੱਧ ਫ਼ੋਨ ਆਏ ਹਨ। ਕੇਂਦਰੀ ਮੰਤਰੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲ ਔਰਤਾਂ ਨਾਲ ਮੰਦਭਾਗੀ ਘਟਨਾ 'ਤੇ ਵੀ ਸਿਆਸੀ ਰੋਟੀਆਂ ਸੇਕ ਰਹੇ ਹਨ। (ਏਜੰਸੀ)