'ਛਤੀਸ਼ਗੜ੍ਹ ਕਦੇ ਵੀ ਪੰਜਾਬ ਨਹੀਂ ਬਣ ਸਕਦਾ' ਭਾਜਪਾ ਦੇ ਆਰੋਪਾਂ 'ਤੇ ਬੋਲੇ ਭੁਪੇਸ਼ ਬਘੇਲ
ਛੱਤੀਸਗੜ੍ਹ ਅਤੇ ਪੰਜਾਬ ’ਚ ਸੱਤਾ ਨੂੰ ਲੈ ਕੇ ਉਥਲ-ਪੁਥਲ ਮਚੀ ਹੋਈ ਹੈ।
ਰਾਏਪੁਰ - ਛੱਤੀਸਗੜ੍ਹ ’ਚ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਚੱਲ ਰਹੀ ਚਰਚਾ ਵਿਚਾਲੇ ਭੁਪੇਸ਼ ਬਘੇਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੂਬੇ ’ਚ ਮੁੱਖ ਮੰਤਰੀ ਅਹੁਦੇ ਦੇ ਕਥਿਤ ਬਟਵਾਰੇ ਦੀ ਚਰਚਾ ਵਿਚਾਲੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ 'ਉਨ੍ਹਾਂ ਦਾ ਸੂਬਾ ਕਦੇ ਪੰਜਾਬ ਨਹੀਂ ਬਣ ਸਕਦਾ'। ਬਘੇਲ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਉਸ ਟਿੱਪਣੀ ’ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਸ ’ਚ ਭਾਜਪਾ ਨੇ ਕਿਹਾ ਸੀ ਕਿ ਕਾਂਗਰਸ ਰਾਜ ਵਾਲੇ ਛੱਤੀਸਗੜ੍ਹ ਅਤੇ ਪੰਜਾਬ ’ਚ ਸੱਤਾ ਨੂੰ ਲੈ ਕੇ ਉਥਲ-ਪੁਥਲ ਮਚੀ ਹੋਈ ਹੈ।
ਮੁੱਖ ਮੰਤਰੀ ਨੇ ਕਾਂਗਰਸ ਵਿਧਾਇਕਾਂ ਦੇ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ’ਚ ਇਕੱਠੇ ਹੋਣ ਨੂੰ ਲੈ ਕੇ ਕਿਹਾ ਕਿ ਵਿਧਾਇਕ ਇਕ-ਇਕ ਕਰਕੇ ਦਿੱਲੀ ਗਏ ਹਨ। ਉਥੇ ਜਾਣ ’ਚ ਕੋਈ ਪਾਬੰਦੀ ਨਹੀਂ ਹੈ। ਸਾਰੇ ਆਜ਼ਾਦ ਹਨ ਅਤੇ ਕਿਤੇ ਵੀ ਆ-ਜਾ ਸਕਦੇ ਹਨ। ਉਹ ਕੋਈ ਸਿਆਸੀ ਮੂਵਮੈਂਟ ਨਹੀਂ ਕਰ ਰਹੇ ਹਨ। ਇਸ ’ਚ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ।
ਦੱਸ ਦਈਏ ਕਿ ਹਾਲ ਹੀ ਵਿਚ ਛੱਤੀਸਗੜ੍ਹ ਵਿਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਸਾਲਾਂ ਦੇ ਫਾਰਮੂਲੇ ਨੂੰ ਲੈ ਕੇ ਰਾਜਨੀਤਕ ਉਥਲ-ਪੁਥਲ ਮੁੜ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਸਮਰਥਨ ਕਰਨ ਵਾਲੇ ਲਗਭਗ 40 ਵਿਧਾਇਕਾਂ ਅਤੇ ਛੇ ਮੰਤਰੀਆਂ ਨੇ ਰਾਸ਼ਟਰੀ ਰਾਜਧਾਨੀ ਦਿਲੀ ਵਿਚ ਡੇਰਾ ਲਾਇਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਵਿਧਾਇਕ ਅਤੇ ਮੰਤਰੀ ਹਾਈਕਮਾਂਡ ਨੂੰ ਮਿਲ ਕੇ ਭੁਪੇਸ਼ ਬਘੇਲ ਦੀ ਕੁਰਸੀ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ।