ਨਾਂਦੇੜ ਸਰਕਾਰੀ ਹਸਪਤਾਲ ’ਚ ਸੱਤ ਹੋਰ ਮਰੀਜ਼ਾਂ ਦੀ ਮੌਤ, ਪਿਛਲੇ 48 ਘੰਟਿਆਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 31 ਹੋਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ’ਚ ਚਾਰ ਬੱਚੇ ਵੀ ਸ਼ਾਮਲ

Nander Hospital

ਔਰੰਗਾਬਾਦ (ਮਹਾਰਾਸ਼ਟਰ): ਮਹਾਰਾਸ਼ਟਰ ਦੇ ਨਾਂਦੇੜ ’ਚ ਇਕ ਸਰਕਾਰੀ ਹਸਪਤਾਲ ’ਚ 24 ਘੰਟੇ ਦੇ ਸਮੇਂ ’ਚ 24 ਮਰੀਜ਼ਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਇਕ ਦਿਨ ਬਾਅਦ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਕ ਅਤੇ ਦੋ ਅਕਤੂਬਰ ਵਿਚਕਾਰ ਇਸੇ ਹਸਪਤਾਲ ’ਚ ਸੱਤ ਹੋਰ ਮਰੀਜ਼ਾਂ ਦੀ ਮੌਤ ਹੋਈ। 

ਇਥੋਂ ਲਗਭਗ 280 ਕਿਲੋਮੀਟਰ ਦੂਰ ਸਥਿਤ ਨਾਂਦੇੜ ਦੇ ਜ਼ਿਲ੍ਹਾ ਸੂਚਨਾ ਦਫ਼ਤਰ (ਡੀ.ਆਈ.ਓ.) ਨੇ ਸੋਸ਼ਲ ਮੀਡੀਆ ਮੰਚ ’ਤੇ ਇਸ ਗੱਲ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਪਿਛਲੇ 48 ਘੰਟਿਆਂ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਮਹਾਰਾਸ਼ਟਰ ਦੇ ਸਿਹਤ ਵਿਭਾਗ ਦੇ ਇਕ ਸਿਖਰਲੇ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਨਾਂਦੇੜ ’ਚ ਡਾ. ਸ਼ੰਕਰ ਰਾਉ ਚੌਹਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐਮ.ਸੀ.ਐਚ.) ’ਚ 30 ਸਤੰਬਰ ਤੋਂ ਇਕ ਅਕਤੂਬਰ ਵਿਚਕਾਰ 24 ਮਰੀਜ਼ਾਂ ਦੀ ਮੌਤ ਦੀ ਸੂਚਨਾ ਸੀ। ਇਨ੍ਹਾਂ 24 ਮਰੀਜ਼ਾਂ ’ਚੋਂ 12 ਨਵਜੰਮੇ ਬੱਚੇ ਸ਼ਾਮਲ ਸਨ। 

ਨਾਂਦੇੜ ਡੀ.ਆਈ.ਓ. ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਡਾ. ਸ਼ੰਕਰਰਾਉ ਚੌਹਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਮਰੀਜ਼ਾਂ ਦੀ ਮੌਤ ਨਾਲ ਜੁੜੇ ਤੱਥ ਇਸ ਤਰ੍ਹਾਂ ਹਨ: 30 ਸਤੰਬਰ ਤੋਂ ਇਕ ਅਕਤੂਬਰ ਵਿਚਕਾਰ 24 ਮੌਤਾਂ, ਇਕ ਤੋਂ ਦੋ ਅਕਤੂਬਰ ਵਿਚਕਾਰ 7 ਮੌਤਾਂ। ਕ੍ਰਿਪਾ ਕਰ ਕੇ ਘਬਰਾਉ ਨਾ। ਡਾਕਟਰਾਂ ਦੀ ਇਕ ਟੀਮ ਤਿਆਰ ਹੈ।’’

ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਚੌਹਾਨ ਨੇ ਮੰਗਲਵਾਰ ਸਵੇਰੇ ਮਾਈਕ੍ਰੋਬਲਾਗਿੰਗ ਸਾਈਟ ‘ਐਕਸ’ ’ਤੇ ਪੋਸਟ ਕੀਤਾ, ‘‘ਨਾਂਦੇੜ ਦੇ ਹਸਪਤਾਲ ’ਚ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਕਲ ਤਕ (ਦੋ ਅਕਤੂਬਰ ਤਕ) ਚਾਰ ਬੱਚਿਆਂ ਸਮੇਤ ਸੱਤ ਹੋਰ ਮਰੀਜ਼ਾਂ ਦੀ ਮੌਤ ਹੋਈ।’’ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨੇ ਮੰਗ ਕੀਤੀ, ‘‘ਸੂਬਾ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ।’’

ਮਹਾਰਾਸ਼ਟਰ ਦੇ ਮੈਡੀਕਲ ਸਿਖਿਆ ਮੰਤਰੀ ਹਸਨ ਮੁਸ਼ਰਿਫ਼ ਮੰਗਲਵਾਰ ਨੂੰ ਨਾਂਦੇੜ ’ਚ ਜੀ.ਐਮ.ਸੀ.ਐੱਚ. ਦਾ ਦੌਰਾ ਕਰਨਗੇ। ਜ਼ਿਲ੍ਹੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਉਹ ਪੱਤਰਕਾਰ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਸੋਮਵਾਰ ਨੂੰ ਜਾਰੀ ਅਪਣੇ ਬਿਆਨ ’ਚ ਨਾਂਦੇੜ ਜ਼ਿਲ੍ਹਾ ਕੁਲੈਕਟਰ ਨੇ ਕਿਹਾ ਸੀ ਕਿ 30 ਸਤੰਬਰ ਤੋਂ ਇਕ ਅਕਤੂਬਰ ਵਿਚਕਾਰ ਹਸਪਤਾਲ ’ਚ ਕੁਲ 24 ਮਰੀਜ਼ਾਂ ਦੀ ਮੌਤ ਦੀ ਸੂਚਨਾ ਹੈ। 

ਬਿਆਨ ’ਚ ਕਿਹਾ ਗਿਆ ਹੈ, ‘‘ਜਾਨ ਗੁਆਉਣ ਵਾਲੇ 12 ਬਾਲਗਾਂ ’ਚੋਂ ਪੰਜ ਮਰਦ ਅਤੇ ਸੱਤ ਔਰਤ ਮਰੀਜ਼ਾਂ ਸ਼ਾਮਲ ਸਨ। ਚਾਰ ਬਾਲਗਾਂ ਨੂੰ ਦਿਲ ਨਾਲ ਸਬੰਧਤ ਬਿਮਾਰੀ ਸੀ, ਇਕ ਮਰੀਜ਼ ਕਿਸੇ ਅਣਪਛਾਤੇ ਜ਼ਹਿਰ ਤੋਂ ਪੀੜਤ ਸਨ। ਇਕ ਮਰੀਜ਼ ਨੂੰ ਲੀਵਰ ਸਬੰਧੀ ਸਮੱਸਿਆ ਸੀ, ਦੋ ਗੁਰਦੇ ਦੇ ਮਰੀਜ਼ ਸਨ ਅਤੇ ਇਕ ਮਰੀਜ਼ ਨੂੰ ਗਰਭਅਵਸਥਾ ਦੌਰਾਨ ਸਮੱਸਿਆਵਾਂ ਸਨ। ਹਾਦਸੇ ਦੇ ਸੱਤ ਮਾਮਲੇ ਸਨ।’’

ਕੁਲੈਕਟ੍ਰੇਟ ਦੇ ਬਿਆਨ ਅਨੁਸਾਰ, ਜਿਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ ਉਨ੍ਹਾਂ ’ਚੋਂ ਚਾਰ ਨੂੰ ਆਖ਼ਰੀ ਸਮੇਂ ’ਚ ਹਸਪਤਾਲ ਲਿਆਂਦਾ ਗਿਆ ਸੀ। ਇਸੇ ਤਰ੍ਹਾਂ ਦੇ ਇਕ ਮਾਮਲੇ ’ਚ 12 ਅਤੇ 13 ਅਗੱਸਤ 2023 ਨੂੰ 24 ਘੰਟੇ ਦੌਰਾਨ ਠਾਣੇ ਜ਼ਿਲ੍ਹੇ ਦੇ ਕਾਲਵਾ ’ਚ ਛੱਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ ’ਚ 18 ਮਰਜ਼ਾਂ ਦੀ ਜਾਨ ਚਲੀ ਗਈ ਸੀ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਤੇ ਸਵਾਲ ਚੁਕਿਆ ਸੀ।