ਫਰਜ਼ੀ ਸਬ-ਇੰਸਪੈਕਟ ਦਾ ਪਰਦਾਫਾਸ਼; 2 ਸਾਲ ਤਕ ਪੁਲਿਸ ਸੈਂਟਰ ਵਿਚ ਲਈ ਟ੍ਰੇਨਿੰਗ; ਕਈ ਥਾਈਂ ਮਿਲਿਆ VIP ਟ੍ਰੀਟਮੈਂਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਕੈਡਮੀ ਵਲੋਂ ਮੋਨਾ ਦੇ ਫਰਜ਼ੀ ਸਬ-ਇੰਸਪੈਕਟਰ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਰਪੀਏ ਵੀ ਅਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Fake female sub inspector of Rajasthan Police

 


ਜੈਪੁਰ:  ਸੋਸ਼ਲ ਮੀਡੀਆ 'ਤੇ ਰਾਜਸਥਾਨ ਪੁਲਿਸ ਦੀ ਇਕ ਸਬ-ਇੰਸਪੈਕਟਰ ਦੇ ਸੰਘਰਸ਼ ਦੀ ਕਹਾਣੀ ਤੋਂ ਹਰ ਕੋਈ ਪ੍ਰਭਾਵਤ ਹੋ ਰਿਹਾ ਹੈ। ਇਹ ਕਹਾਣੀ ਮੋਨਾ ਨਾਂਅ ਦੀ ਇਕ ਲੜਕੀ ਦੀ ਹੈ ਪਰ ਹੁਣ ਇਸ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਦੋ ਸਾਲ ਤੋਂ ਮੋਨਾ ਦੀ ਸਬ-ਇੰਸਪੈਕਟਰ ਬਣਨ ਦੀ ਕਹਾਣੀ ਸੋਸ਼ਲ ਮੀਡੀਆ ਉਤੇ ਚਰਚਾ ਵਿਚ ਰਹੀ ਹੈ ਪਰ ਹੁਣ ਰਾਜਸਥਾਨ ਪੁਲਿਸ ਅਕੈਡਮੀ ਦੇ ਅਫ਼ਸਰ ਰਮੇਸ਼ ਸਿੰਘ ਵਲੋਂ ਇਸ ਮਾਮਲੇ ਵਿਚ ਸ਼ਾਸਤਰੀ ਨਗਰ ਥਾਣੇ ਵਿਚ ਕੇਸ ਦਰਜ ਕਰਵਾਇਆ ਗਿਆ ਹੈ। ਅਕੈਡਮੀ ਵਲੋਂ ਮੋਨਾ ਦੇ ਫਰਜ਼ੀ ਸਬ-ਇੰਸਪੈਕਟਰ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਰਪੀਏ ਵੀ ਅਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਦਰਅਸਲ ਨਾਗੌਰ ਜ਼ਿਲੇ ਦੇ ਨਿੰਬਾ ਦੇ ਬਾਸ ਦੀ ਰਹਿਣ ਵਾਲੀ ਮੋਨਾ ਬੁਗਲੀਆ ਸਬ-ਇੰਸਪੈਕਟਰ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਮੋਨਾ ਦੇ ਪਿਤਾ ਇਕ ਕਿਸਾਨ ਸਨ ਅਤੇ ਬਾਅਦ ਵਿਚ ਇਕ ਟਰੱਕ ਡਰਾਈਵਰ ਬਣ ਗਏ। ਮੋਨਾ ਦੀ ਸਬ-ਇੰਸਪੈਕਟਰ ਭਰਤੀ ਪ੍ਰੀਖਿਆ ਵਿਚ ਚੋਣ ਨਹੀਂ ਹੋ ਸਕੀ। ਤਿੰਨ ਸਾਲ ਪਹਿਲਾਂ ਜਦੋਂ ਫਾਈਨਲ ਨਤੀਜਾ ਆਇਆ ਤਾਂ ਮੋਨਾ ਨੇ ਸਬ-ਇੰਸਪੈਕਟਰ ਵਜੋਂ ਅਪਣੀ ਚੋਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਫੈਲਾ ਦਿਤੀ। ਚੁਣੇ ਜਾਣ ’ਤੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਵਧਾਈ ਦਿਤੀ। ਮੋਨਾ ਨੇ ਸਾਰਿਆਂ ਨੂੰ ਅਪਣੇ ਸੰਘਰਸ਼ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿਤੀ।

 

ਇਹ ਵੀ ਚਰਚਾ ਹੈ ਕਿ ਫਰਜ਼ੀ ਮਹਿਲਾ ਐਸਆਈ ਆਰਪੀਏ ਟਰੇਨਿੰਗ ਵਿਚ ਵੀ ਹਿੱਸਾ ਲੈਂਦੀ ਸੀ। ਅਸਲ ਵਿਚ ਐਸਆਈ ਦੀ ਭਰਤੀ ਦਾ ਨਤੀਜਾ ਕਰੀਬ ਦੋ ਸਾਲ ਪਹਿਲਾਂ ਆਇਆ ਸੀ। ਇਸ ਵਿਚ ਮੋਨਾ ਨਾਮ ਦੀ ਇਕ ਲੜਕੀ ਦੇ ਕਾਫੀ ਜੱਦੋ ਜਹਿਦ ਤੋਂ ਬਾਅਦ ਸਬ ਇੰਸਪੈਕਟਰ ਬਣਨ ਦੀ ਖ਼ਬਰ ਵਾਇਰਲ ਹੋਈ ਸੀ।ਜੋ ਕੇਸ ਦਰਜ ਕੀਤਾ ਗਿਆ ਹੈ, ਉਸ ਵਿਚ ਦਸਿਆ ਗਿਆ ਹੈ ਕਿ ਮੋਨਾ ਬੁਗਲੀਆ ਨਾਂਅ ਦੀ ਲੜਕੀ ਪੁਲਿਸ ਨਾ ਹੋਣ ਦੇ ਬਾਵਜੂਦ ਐਸਆਈ ਦੀ ਵਰਦੀ, ਟੋਪੀ ਅਤੇ ਬੈਜ ਪਹਿਨਦੀ ਹੈ ਜੋ ਕਿ ਬਿਲਕੁਲ ਰਾਜਸਥਾਨ ਪੁਲਿਸ ਵਰਗੀ ਹੈ। ਸੋਸ਼ਲ ਮੀਡੀਆ 'ਤੇ ਖੁਦ ਨੂੰ ਐਸ.ਆਈ. ਦੱਸਣ ਲਈ ਉਸ ਨੇ ਫਰਜ਼ੀ ਨਿਯੁਕਤੀ ਪੱਤਰ ਵੀ ਵਾਇਰਲ ਕਰ ਦਿਤਾ।

 

ਮੋਨਾ ਪੁਲਿਸ ਦੀ ਵਰਦੀ ਪਾ ਕੇ ਜ਼ਿਆਦਾਤਰ ਥਾਵਾਂ 'ਤੇ ਜਾਂਦੀ ਸੀ। ਉਹ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਰਦੀ ਪਹਿਨ ਕੇ ਫੋਟੋਆਂ ਅਤੇ ਵੀਡੀਓਜ਼ ਵੀ ਅਪਲੋਡ ਕਰਦੀ ਸੀ।। ਇਸ ਤੋਂ ਪ੍ਰਭਾਵਤ ਹੋ ਕੇ ਕਈ ਕੋਚਿੰਗ ਸੈਂਟਰ ਸੰਚਾਲਕਾਂ ਨੇ ਮੋਨਾ ਨੂੰ ਵਿਦਿਆਰਥੀਆਂ ਨੂੰ ਪ੍ਰੇਰਣਾ ਭਾਸ਼ਣ ਦੇਣ ਲਈ ਵੀ ਬੁਲਾਇਆ। ਮੋਨਾ ਨੇ ਸਬ-ਇੰਸਪੈਕਟਰ ਦੀ ਟ੍ਰੇਨਿੰਗ ਦੌਰਾਨ ਕਈ ਪੁਲਿਸ ਅਫਸਰਾਂ ਨਾਲ ਜਾਣ-ਪਛਾਣ ਵਧਾਈ। ਮੋਨਾ ਏਡੀਜੀ ਰੈਂਕ ਦੇ ਅਫਸਰਾਂ ਨਾਲ ਟੈਨਿਸ ਖੇਡਦੀ ਸੀ। ਉਹ ਸਾਬਕਾ ਡੀਜੀਪੀ ਐਮਐਲ ਲਾਥਰ ਦੀ ਬੇਟੀ ਦੇ ਵਿਆਹ ਵਿਚ ਵੀ ਸ਼ਾਮਲ ਹੋਈ। ਡੀਜੀ ਅਤੇ ਏਡੀਜੀ ਰੈਂਕ ਦੇ ਅਫਸਰਾਂ ਦੇ ਸਮਾਗਮਾਂ ਵਿਚ ਸ਼ਾਮਲ ਹੋ ਕੇ, ਮੋਨਾ ਨੇ ਕਈ ਸੀਨੀਅਰ ਅਫਸਰਾਂ ਨਾਲ ਜਾਣ-ਪਛਾਣ ਕਰਨੀ ਸ਼ੁਰੂ ਕਰ ਦਿਤੀ। ਮੋਨਾ ਇਨ੍ਹਾਂ ਅਧਿਕਾਰੀਆਂ ਨਾਲ ਤਸਵੀਰਾਂ ਖਿੱਚ ਕੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦੀ ਸੀ।

 

ਮੋਨਾ ਨਾਲ ਸਿਖਲਾਈ ਲੈਣ ਵਾਲੇ ਸਬ-ਇੰਸਪੈਕਟਰਾਂ ਨੂੰ ਫੀਲਡ ਟਰੇਨਿੰਗ ਲਈ ਵੱਖ-ਵੱਖ ਥਾਣਿਆਂ ਵਿਚ ਭੇਜਿਆ ਗਿਆ। ਮੋਨਾ ਉਨ੍ਹਾਂ ਸਾਰਿਆਂ ਦੇ ਸੰਪਰਕ ਵਿਚ ਸੀ। ਮੋਨਾ ਇਨ੍ਹਾਂ ਸਬ-ਇੰਸਪੈਕਟਰ ਥਾਣਾ ਖੇਤਰਾਂ ਦੇ ਮਸ਼ਹੂਰ ਮੰਦਰਾਂ 'ਚ ਜਾਇਆ ਕਰਦੀ ਸੀ। ਇਸ ਕਾਰਨ ਮੋਨਾ ਨੇ ਉਥੇ ਵੀ.ਆਈ.ਪੀ. ਟ੍ਰੀਟਮੈਂਟ ਮਿਲਦਾ ਸੀ।
ਬੀਤੇ ਦਿਨੀਂ ਮੋਨਾ ਨੇ ਸੋਸ਼ਲ ਮੀਡੀਆ 'ਤੇ ਪੁਲਿਸ ਵਿਰੁਧ ਸਖਤ ਟਿੱਪਣੀ ਵੀ ਕੀਤੀ। ਜਦੋਂ ਇਹ ਸੂਚਨਾ ਆਰਪੀਏ ਤਕ ਪਹੁੰਚੀ ਤਾਂ ਅਧਿਕਾਰੀਆਂ ਨੇ ਮੋਨਾ ਨਾਂਅ ਦੀ ਔਰਤ ਦੇ ਐਸਆਈ ਹੋਣ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿਤੀ। ਪਤਾ ਲੱਗਿਆ ਕਿ ਇਸ ਨਾਂਅ ਵਾਲਾ ਕੋਈ ਐਸ.ਆਈ. ਪਾਸ ਨਹੀਂ ਹੋਇਆ। ਹੁਣ ਉਸ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਆਈ ਹੋਣ ਤੋਂ ਇਲਾਵਾ, ਉਹ ਅਪਣੇ ਆਪ ਨੂੰ ਸਕੂਲ ਲੈਕਚਰਾਰ ਵੀ ਦੱਸਦੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਦੇ ਦਸਤਾਵੇਜ਼ ਵੀ ਫਰਜ਼ੀ ਹਨ।