ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ 94 ਸੀਟਾਂ 'ਤੇ ਵੋਟਿੰਗ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੂਜੇ ਗੇੜ ਵਿਚ 17 ਜ਼ਿਲ੍ਹਿਆਂ ਦੇ ਦੋ ਕਰੋੜ 86 ਲੱਖ 11 ਹਜ਼ਾਰ 164 ਵੋਟਰ 1463 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ

Bihar Assembly elections

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ 94 ਸੀਟਾਂ ਲਈ ਚੋਣ ਪ੍ਰਚਾਰ ਦਾ ਦੌਰ ਐਤਵਾਰ ਸ਼ਾਮ ਨੂੰ ਰੁਕ ਗਿਆ ਸੀ। ਪ੍ਰਚਾਰ ਰੁਕਣ ਦੇ ਨਾਲ ਹੀ ਉਮੀਦਵਾਰਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਮਿਲਣਾ ਤੇਜ਼ ਕਰ ਦਿਤਾ ਹੈ। ਦੂਜੇ ਗੇੜ ਵਿਚ 17 ਜ਼ਿਲ੍ਹਿਆਂ ਦੇ ਦੋ ਕਰੋੜ 86 ਲੱਖ 11 ਹਜ਼ਾਰ 164 ਵੋਟਰ 1463 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

ਵਧੀਕ ਮੁੱਖ ਚੋਣ ਅਧਿਕਾਰੀ ਸੰਜੇ ਕੁਮਾਰ ਸਿੰਘ ਨੇ ਦਸਿਆ ਕਿ 3 ਨਵੰਬਰ ਨੂੰ 94 ਸੀਟਾਂ 'ਤੇ ਵੋਟਾਂ ਪੈਣਗੀਆਂ। ਇਨ੍ਹਾਂ ਚਾਰ ਜ਼ਿਲ੍ਹਿਆਂ ਦੀਆਂ ਅੱਠ ਸੀਟਾਂ ਲਈ ਵੋਟਾਂ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤਕ ਹੀ ਹੋਣਗੀਆਂ। ਹੋਰ 86 ਸੀਟਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ।

ਵੋਟਿੰਗ ਸ਼ਾਮ 4 ਵਜੇ ਖ਼ਤਮ ਹੋਣ ਵਾਲੀਆਂ ਸੀਟਾਂ ਵਿਚ ਮੁਜ਼ੱਫਰਪੁਰ ਵਿਚ ਮੀਨਾਪੁਰ, ਪੇਰੂ ਅਤੇ ਸਾਹਬਗੰਜ, ਦਰਭੰਗਾ ਜ਼ਿਲ੍ਹੇ ਵਿਚ ਕੁਸ਼ੇਸ਼ਵਰਸਥਾਨ ਅਤੇ ਗੌੜਾਬੌਰਾਮ, ਖਗੜੀਆ ਵਿਚ ਅਲੌਲੀ ਅਤੇ ਬੇਲਦੌਰ ਅਤੇ ਵੈਸ਼ਾਲੀ ਜ਼ਿਲੇ ਦੀ ਰਾਘੋਪੁਰ ਸੀਟਾਂ ਸ਼ਾਮਲ ਹਨ। ਰਾਘੋਪੁਰ ਵਿਚ ਤੇਜਸ਼ਵੀ ਦਾ ਭਾਜਪਾ ਦੇ ਸਤੀਸ਼ ਕੁਮਾਰ ਨਾਲ ਸਖ਼ਤ ਮੁਕਾਬਲਾ ਹੈ।

ਵੋਟਿੰਗ ਦੇ ਦੂਜੇ ਗੇੜ ਵਿਚ ਅਜਿਹੇ ਚਾਰ ਲੱਖ 1631 ਵੋਟਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਵੱਖ-ਵੱਖ ਕਾਰਨਾਂ ਕਰਕੇ ਵੋਟ ਪ੍ਰਕਿਰਿਆ ਵਿਚ ਸ਼ਾਮਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਕਮਿਸ਼ਨ ਦੀ ਟੀਮ ਅਜਿਹੇ ਲੋਕਾਂ 'ਤੇ ਵਿਸ਼ੇਸ਼ ਨਜ਼ਰ ਰੱਖੇਗੀ। ਇਸ ਦੇ ਨਾਲ ਹੀ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਵਾਲੇ 44 ਹਜ਼ਾਰ 282 ਲੋਕਾਂ ਦੀ ਪਛਾਣ ਕੀਤੀ ਹੈ। ਟੀਮ ਵੀ ਇਨ੍ਹਾਂ 'ਤੇ ਨੇੜਿਓ ਨਜ਼ਰ ਰੱਖੇਗੀ।

ਵਧੀਕ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਇਸ ਗੇੜ ਵਿਚ ਤਿੰਨ ਹਜ਼ਾਰ 548 ਬੂਥਾਂ 'ਤੇ ਵੈੱਬਕਾਸਟਿੰਗ ਕੀਤੀ ਜਾਵੇਗੀ। 80 ਸਾਲਾਂ ਤੋਂ ਵੱਧ ਵੋਟਰਾਂ ਅਤੇ ਪੀਡਬਲਯੂਡੀ (ਦਿਵਯਾਂਗ) ਦੀ ਗਿਣਤੀ 20 ਹਜ਼ਾਰ 240 ਹੈ। 18 ਹਜ਼ਾਰ ਤੋਂ ਵੱਧ ਬੂਥਾਂ 'ਤੇ ਦੋ ਈ.ਵੀ.ਐੱਮ: ਦੂਜੇ ਗੇੜ ਦੀਆਂ 94 ਸੀਟਾਂ ਲਈ ਕੁਲ 41 ਹਜ਼ਾਰ 362 ਬੂਥਾਂ ਵਿਚੋਂ 18 ਹਜ਼ਾਰ 878 ਦੋ ਈਵੀਐਮ ਹੋਣਗੇ।

ਇਨ੍ਹਾਂ ਹਲਕਿਆਂ ਵਿਚ 16 ਤੋਂ ਵੱਧ ਉਮੀਦਵਾਰ ਮੈਦਾਨ ਵਿਚ ਹਨ। ਇਸ ਗੇੜ ਵਿਚ ਸਭ ਤੋਂ ਵੱਧ ਵੋਟਰ ਦਿਘਾ ਅਤੇ ਸਭ ਤੋਂ ਘੱਟ ਵੋਟਰ ਚੈਰੀਆ ਬਾਰੀਪੁਰ ਸੀਟ ਉੱਤੇ ਹਨ। ਰਾਜਦ ਦੇ 52 ਅਤੇ ਭਾਜਪਾ ਦੇ 46 ਉਮੀਦਵਾਰ ਚੋਣ ਮੈਦਾਨ ਵਿਚ: ਚੋਣ ਕਮਿਸ਼ਨ ਅਨੁਸਾਰ ਦੂਜੇ ਗੇੜ ਦੀਆਂ ਸੀਟਾਂ ਵਿਚ ਭਾਜਪਾ 46, ਬਸਪਾ 33, ਸੀਪੀਆਈ (ਐਮ) ਦੀਆਂ ਚਾਰ, ਕਾਂਗਰਸ 24, ਐਨਸੀਪੀ 29, ਆਰਜੇਡੀ 56, ਜੇਡੀਯੂ 43, ਐਲਜੇਪੀ 52 ਅਤੇ ਆਰਐਲਐਸਪੀ 36 ਉਮੀਦਵਾਰ ਮੈਦਾਨ ਵਿਚ ਹਨ। 513 ਆਜ਼ਾਦ ਉਮੀਦਵਾਰ ਮੈਦਾਨ ਵਿਚ ਹਨ।

ਇਨ੍ਹਾਂ ਵਿਚ ਰਜਿਸਟਰਡ 156 ਛੋਟੇ ਦਲਾਂ ਦੇ 623 ਉਮੀਦਵਾਰਾਂ ਦੇ ਨਾਲ 513 ਆਜ਼ਾਦ ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਪੈਣਗੀਆਂ ਵੋਟਾਂ: ਵਧੀਕ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਦੂਜੇ ਗੇੜ ਵਿਚ ਪਟਨਾ ਦੀ ਨੌਂ, ਪੱਛਮੀ ਚੰਪਾਰਨ ਵਿਚ ਤਿੰਨ, ਪੂਰਬੀ ਚੰਪਾਰਨ ਵਿਚ ਛੇ, ਸ਼ਿਵਹਾਰ ਤੋਂ ਇਕ, ਸੀਤਾਮੜੀ ਤੋਂ ਤਿੰਨ, ਮਧੁਬਨੀ ਤੋਂ ਚਾਰ, ਦਰਭੰਗਾ ਤੋਂ ਪੰਜ, ਮੁਜ਼ੱਫਰਪੁਰ ਤੋਂ ਪੰਜ, ਗੋਪਾਲਗੰਜ ਦੇ 10 , ਸੀਵਾਨ ਦੀ ਅੱਠ ਸੀਟਾਂ, ਸਾਰਣ ਦੀਆਂ 10, ਵੈਸ਼ਾਲੀ ਵਿਚ ਛੇ, ਸਮਸਤੀਪੁਰ ਵਿਚ ਪੰਜ, ਬੇਗੂਸਰਾਏ ਵਿਚ ਸੱਤ, ਖਗੜੀਆ ਵਿਚ ਚਾਰ, ਭਾਗਲਪੁਰ ਵਿਚ ਪੰਜ ਅਤੇ ਨਾਲੰਦਾ ਵਿਚ ਸੱਤ ਸੀਟਾਂ ਉੱਤੇ ਵੋਟਾਂ ਪੈਣਗੀਆਂ।