1984: ਦਿੱਲੀ ਦੇ ਉੱਤਮ ਨਗਰ 'ਚ ਸਿੱਖਾਂ ਦੀ ਕਤਲੋਗਾਰਤ ਦੇ ਭਿਆਨਕ ਮੰਜ਼ਰ ਨੂੰ ਅੱਖੀਂ ਦੇਖਣ ਵਾਲੇ ਦਿਲਬਾਗ ਸਿੰਘ ਨੇ ਸੁਣਾਈ ਹੱਡਬੀਤੀ
ਹਾਲਾਤ ਇੰਨੇ ਕਿ ਮਾੜੇ ਸਨ ਕਿ 1 ਤਾਰੀਕ ਨੂੰ ਤਾਂ ਜੋ ਲਾਸ਼ਾਂ ਪਈਆਂ ਸਨ ਉਹਨਾਂ ਨੂੰ ਸੂਰ ਖਾ ਰਹੇ ਸਨ
ਨਵੀਂ ਦਿੱਲੀ - 1984 ਦਾ ਉਹ ਦੌਰ ਜਿਸ ਨੂੰ ਯਾਦ ਕਰ ਕੇ ਜਾਂ ਉਸ ਘਟਨਾ ਬਾਰੇ ਸੁਣ ਕੇ ਰੂਹ ਕੰਬ ਉੱਠਦੀ ਹੈ। 1984 ਦੇ ਜਖ਼ਮ ਲੋਕਾਂ ਦੇ ਮਨਾਂ ਵਿਚ ਅਜੇ ਤੱਕ ਵੀ ਰਿਸਦੇ ਹਨ, ਇਹ ਘਟਨਾ ਕਦੇ ਵੀ ਨਹੀਂ ਭੁਲਾਈ ਜਾ ਸਕਦੀ। ਇਸ ਘਟਨਾ ਬਾਰੇ ਪੂਰਨ ਸਿੰਘ ਦੇ ਪੁੱਤਰ ਦਿਲਬਾਗ ਸਿੰਘ ਜੋ ਕਿ ਸਰਦਾਰ ਕਲੋਨੀ, ਸੈਕਟਰ 16 ਦਿੱਲੀ ਵਿਖੇ ਰਹਿੰਦੇ ਹਨ, ਉਹਨਾਂ ਨੇ ਦੱਸਿਆ ਕਿ ਜਦੋਂ ਇਹ ਦਿੱਲੀ ਦੀ ਘਟਨਾ ਹੋਈ ਸੀ ਉਸ ਸਮੇਂ ਉਹ ਉੱਤਮ ਨਗਰ ਰਹਿੰਦੇ ਸਨ ਤੇ ਉਹਨਾਂ ਦੇ ਸਾਥੀਆਂ ਦੇ ਕਾਫ਼ੀ ਸੱਟਾਂ ਲੱਗੀਆਂ ਸਨ ਤੇ ਫਿਰ ਜਦੋਂ 3 ਤਾਰੀਕ ਨੂੰ ਆਰਮੀ ਆਈ ਫਿਰ ਜਾ ਕੇ ਕਿਤੇ ਹਾਲਾਤ ਸਹੀ ਹੋਏ।
ਉਹਨਾਂ ਦੱਸਿਆ ਕਿ ਹਾਲਾਤ ਇੰਨੇ ਕਿ ਮਾੜੇ ਸਨ ਕਿ 1 ਤਾਰੀਕ ਨੂੰ ਤਾਂ ਜੋ ਲਾਸ਼ਾਂ ਪਈਆਂ ਸਨ ਉਹਨਾਂ ਨੂੰ ਸੂਰ ਖਾ ਰਹੇ ਸਨ। ਦਿਲਬਾਗ ਸਿੰਘ ਨੇ ਦੱਸਿਆ ਕਿ ਸਾਨੂੰ ਸਿਰਫ਼ 3-3 ਹਜ਼ਾਰ ਰੁਪਏ ਦਿੱਤੇ ਗਏ ਸਨ ਤੇ ਸਿਰਫ਼ 4 ਫੁੱਟ ਦੀਆਂ ਕੰਧਾਂ ਕਰ ਕੇ ਦਿੱਤੀਆਂ ਸਨ ਤੇ ਫਿਰ ਉਸ ਤੋਂ ਬਾਅਦ ਅਪਣੀ ਮਿਹਨਤ ਕਰ ਕੇ 1 ਕਮਰਾ ਵੀ ਬਹੁਤ ਔਖੇ ਹੋ ਕੇ ਪਾਇਆ ਸੀ।
ਦਿਲਬਾਗ ਸਿੰਘ ਨੇ ਦੱਸਿਆ ਕਿ 84 ਵਿਚ ਹੋਏ ਕਾਂਡ ਤੋਂ ਬਾਅਦ ਇਹ ਕਲੋਨੀ ਉਹਨਾਂ ਨੂੰ ਮਿਲੀ ਸੀ। ਉਹਨਾਂ ਦੱਸਿਆ ਕਿ ਉਹਨਾਂ ਨੂੰ ਕਲੋਨੀ ਤਾਂ ਮਿਲ ਗਈ ਸੀ ਪਰ ਉਹਨਾਂ ਕੋਲ ਕੋਈ ਸਮਾਨ ਨਹੀਂ ਸੀ ਨਾ ਕੁੱਝ ਖਾਣ ਨੂੰ ਨਾ ਵਰਤਣ ਨੂੰ ਕੋਈ ਭਾਂਡਾ-ਢੀਂਡਾ ਫਿਰ ਕੁੱਝ ਸਮੇਂ ਬਾਅਦ ਕਰੋਲ ਬਾਗ ਵਿਚ ਇਕ ਸੰਸਥਾ ਸੀ ਜਿਸ ਨੇ ਉਹਨਾਂ ਨੂੰ 1000 ਰੁਪਏ ਦਿੱਤੇ ਤੇ ਉਸ ਸਮੇਂ ਆਟਾ ਤੇ ਦਾਲਾਂ ਵਗੈਰਾ ਬਹੁਤ ਸਸਤੀਆਂ ਸਨ ਤਾਂ ਕਰ ਕੇ ਸਰ ਗਿਆ ਸੀ ਪਰ ਫਿਰ ਵੀ ਅਸੀਂ ਇਕ ਟਾਈਮ ਖਾਂਦੇ ਸੀ ਤੇ ਦੂਜੇ ਟਾਈਮ ਭੁੱਖੇ ਰਹਿੰਦੇ ਸੀ।
ਦਿਲਬਾਗ ਸਿੰਘ ਨੇ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਜਿੰਨਾ ਸਮਾਂ ਉਹ ਕੈਂਪ ਵਿਚ ਰਹੇ ਤਾਂ ਉਹਨਾਂ ਨੂੰ ਸਰਦਾਰਾਂ ਦੀ ਸੰਸਥਾ ਵੱਲੋਂ ਰੋਟੀ ਮਿਲਦੀ ਰਹੀ ਪਰ ਸਰਕਾਰ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਉਹਨਾਂ ਕਿਹਾ ਕਿ ਉਸ ਸਮੇਂ ਜਿੰਨੀ ਕੁ ਮਜ਼ਦੂਰੀ ਹੋ ਸਕੀ ਕੀਤੀ ਪਰ ਜ਼ਿਆਦਾਤਰ ਲੋਕ ਤਾਂ ਡਰਦੇ ਮਾਰੇ ਕੈਂਪਾਂ ਵਿਚੋਂ ਨਿਕਲਦੇ ਹੀ ਨਹੀਂ ਸੀ। ਉਹਨਾਂ ਕਿਹਾ ਕਿ ਇਕ ਡਾ. ਮਨਜੀਤ ਸਿੰਘ ਡਾਇਰੈਕਟ ਸਨ ਜਿਨਾਂ ਨੇ ਸਾਨੂੰ ਅਲਾਟਮੈਂਟ ਦਿੱਤੀ ਤੇ ਇੰਡੀਆ ਗੇਟ ਤੋਂ ਡੀਡੀਟੀ ਦੀਆਂ ਬੱਸਾਂ ਭਰ ਕੇ ਇੱਥੇ ਲੈ ਕੇ ਆਏ ਸਨ ਤੇ ਇੱਥੇ ਸਿਰਫ਼ ਜੰਗਲ ਹੀ ਜੰਗਲ ਸੀ, ਲੋਕ ਸੜਕਾਂ 'ਤੇ ਸੌਂਦੇ ਸਨ।
ਦਿਲਬਾਗ ਸਿੰਘ ਨੇ ਦੱਸਿਆ ਕਿ ਜੋ ਸਿਰਫ਼ ਵਿਧਵਾ ਔਰਤਾਂ ਸਨ ਤੇ ਜਾਂ ਫਿਰ ਜਿਨ੍ਹਾਂ ਕੋਲ ਪੁਲਿਸ ਰਿਪੋਰਟਾਂ ਸਨ ਉਹਨਾਂ ਦੀ ਹੀ ਮਦਦ ਕੀਤੀ ਗਈ ਬਾਕੀਆਂ ਨੇ ਤਾਂ ਸਭ ਆਪ ਹੀ ਗੁਜ਼ਾਰਾ ਕੀਤਾ। ਉਹਨਾਂ ਕਿਹਾ ਕਿ ਹੁਣ ਵੀ ਉਹਨਾਂ ਦਾ ਗੁਜ਼ਾਰਾ ਔਖਾ ਹੀ ਹੁੰਦਾ ਹੈ ਕਿਉਂਕਿ ਉਹਨਾਂ ਦਾ ਬੇਟਾ ਨਸ਼ੇ ਵਿਚ ਲੱਗਾ ਹੋਇਆ ਹੈ ਤੇ ਨੂੰਹ ਜਿਹੜੇ ਪੈਸੇ ਕਮਾ ਕੇ ਲਿਆਉਂਦੀ ਹੈ ਉਸ ਨਾਲ ਹੀ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਹਨ ਤੇ ਮੈਂ ਵੀ ਬਾਲੇ ਜਾਂ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਹਾਂ। ਉਹਨਾਂ ਨੇ ਭਾਵੁਕ ਹੁੰਦਿਆ ਕਿਹਾ ਕਿ ਉਹ 84 ਦੇ ਉਸ ਦੌਰ ਤੋਂ ਬਾਅਦ ਅੱਜ ਤੱਕ ਆਪਣੇ ਪੈਰਾਂ 'ਤੇ ਚੰਗੀ ਤਰ੍ਹਾਂ ਖੜ੍ਹ ਨਹੀਂ ਹੋ ਪਾਏ ਤੇ ਅੱਜ ਵੀ ਉਹਨਾਂ ਨੂੰ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ।