ਪ੍ਰਧਾਨ ਮੰਤਰੀ ਉਤੇ ਪ੍ਰਿਯੰਕਾ ਦਾ ਵਿਅੰਗ, ‘‘ਅਪਮਾਨ ਮੰਤਰਾਲਾ ਹੀ ਬਣਾ ਲਉ, ਸਮਾਂ ਬਰਬਾਦ ਨਹੀਂ ਹੋਵੇਗਾ’’
ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਤੋਂ 10,000 ਰੁਪਏ ਲੈ ਲੈਣ ਪਰ ਐਨ.ਡੀ.ਏ. ਨੂੰ ਵੋਟ ਨਾ ਦੇਣ
ਸਹਰਸਾ/ਲਖੀਸਰਾਏ (ਬਿਹਾਰ) : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਵੱਖਰਾ ‘ਅਪਮਾਨ ਮੰਤਰਾਲਾ’ ਬਣਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਵਾਰ-ਵਾਰ ਵਿਰੋਧੀ ਧਿਰ ਉਤੇ ਅਪਮਾਨ ਦਾ ਦੋਸ਼ ਲਾਉਣ ’ਚ ਸਮਾਂ ਬਰਬਾਦ ਨਾ ਕਰਨ।
ਬਿਹਾਰ ਦੇ ਸਹਰਸਾ ਅਤੇ ਲਖੀਸਰਾਏ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਤੋਂ 10,000 ਰੁਪਏ ਲੈ ਲੈਣ ਪਰ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਨੂੰ ਵੋਟ ਨਾ ਦੇਣ, ਕਿਉਂਕਿ ਸਰਕਾਰ ਦੇ ਇਰਾਦੇ ਸਪੱਸ਼ਟ ਨਹੀਂ ਹਨ ਅਤੇ ਇਹ 10,000 ਰੁਪਏ ਸਿਆਸੀ ਰਿਸ਼ਵਤ ਹੈ।
ਪ੍ਰਿਯੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਬਿਹਾਰ ’ਚ ਕੋਈ ‘ਡਬਲ ਇੰਜਣ ਸਰਕਾਰ’ ਨਹੀਂ ਹੈ, ਸਗੋਂ ਸਿੰਗਲ ਇੰਜਣ ਵਾਲੀ ਸਰਕਾਰ ਹੈ, ਜੋ ਪ੍ਰਧਾਨ ਮੰਤਰੀ ਮੋਦੀ ਚਲਾ ਰਹੇ ਹਨ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਹਮੇਸ਼ਾ ਅਤੀਤ ਦੀ ਗੱਲ ਕਰਦੇ ਹਨ। ਇਹ ਲੋਕ ਹਮੇਸ਼ਾ ਕਿਤੋਂ ਨਾ ਕਿਤੋਂ, ਕਿਸੇ ਦੇ ਅਪਮਾਨ ਦੀ ਗੱਲ ਕੱਢ ਲਿਆਉਂਦੇ ਹਨ। ਕਰਨਾਟਕ ’ਚ ਕਿਹਾ ਕਿ ਵਿਰੋਧੀ ਧਿਰ ਨੇ ਕਰਨਾਟਕ ਦਾ ਅਪਮਾਨ ਕੀਤਾ ਹੈ। ਪੱਛਮੀ ਬੰਗਾਲ ਗਏ ਤਾਂ ਪੱਛਮੀ ਬੰਗਾਲ ਦੇ ਅਪਮਾਨ ਦੀ ਗੱਲ ਕੀਤੀ। ਬਿਹਾਰ ’ਚ ਉਹ ਕਹਿ ਰਹੇ ਹਨ ਕਿ ਵਿਰੋਧੀ ਪਾਰਟੀਆਂ ਬਿਹਾਰ ਦਾ ਅਪਮਾਨ ਕਰ ਰਹੀਆਂ ਹਨ।’’
ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਉਤੇ ਵਿਅੰਗ ਕਰਦਿਆਂ ਕਿਹਾ, ‘‘ਮੇਰਾ ਸੁਝਾਅ ਹੈ ਕਿ ਪ੍ਰਧਾਨ ਮੰਤਰੀ ਨੂੰ ਨਵਾਂ ਮੰਤਰਾਲਾ ਬਣਾਉਣਾ ਚਾਹੀਦਾ ਹੈ ਅਤੇ ਇਸ ਦਾ ਨਾਂ ‘ਅਪਮਾਨ ਮੰਤਰਾਲਾ’ ਰਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸਮਾਂ ਬਰਬਾਦ ਨਾ ਹੋਵੇ। ਉਹ ਵੱਡੀਆਂ ਸੂਚੀਆਂ ਕੱਢ ਲਿਆਉਂਦੇ ਹਨ ਕਿ ਇਸ ਨੇ ਗਾਲ੍ਹ ਕੱਢੀ, ਉਸ ਨੇ ਗਾਲ੍ਹ ਕੱਢੀ, ਉਸ ਨੇ ਅਪਮਾਨ ਕੀਤਾ। ਉਹ ਖ਼ੁਦ ਕੀ ਸੂਚੀ ਬਣਾਉਣਗੇ, ਇਹ ‘ਅਪਮਾਨ ਮੰਤਰਾਲਾ’ ਬਣਾ ਦੇਵੇਗਾ।’’
ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਬਿਹਾਰ ’ਚ 65 ਲੱਖ ਤੋਂ ਵੱਧ ਲੋਕਾਂ ਦੀਆਂ ਵੋਟਾਂ ਕੱਟ ਦਿਤੀਆਂ ਗਈਆਂ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਲੋਕਾਂ ਦੇ ਅਧਿਕਾਰ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ, ‘‘ਵੋਟ ਪਾਉਣ ਨਾਲ ਲੋਕਾਂ ਨੂੰ ਬਹੁਤ ਸਾਰੇ ਅਧਿਕਾਰ ਮਿਲਦੇ ਹਨ ਅਤੇ ਜੇ ਇਹ ਚਲੇ ਜਾਂਦੇ ਹਨ, ਤਾਂ ਤੁਹਾਡੇ ਕੋਲ ਕੁੱਝ ਵੀ ਨਹੀਂ ਬਚੇਗਾ। ਵੋਟਾਂ ਚੋਰੀ ਕਰਨਾ ਜਨਤਾ ਦੇ ਵਿਰੁਧ ਇਕ ਵੱਡੀ ਸਾਜ਼ਸ਼ ਹੈ।’’
ਉਨ੍ਹਾਂ ਕਿਹਾ, ‘‘ਮਹਾਤਮਾ ਗਾਂਧੀ ਨੇ ਬਰਾਬਰੀ ਅਤੇ ਅਧਿਕਾਰਾਂ ਲਈ ਜੋ ਸੰਘਰਸ਼ ਕੀਤਾ ਸੀ, ਅਸੀਂ ਅੱਜ ਵੀ ਉਹੀ ਸੰਘਰਸ਼ ਲੜ ਰਹੇ ਹਾਂ, ਉਹੀ ਸਥਿਤੀ ਅੱਜ ਵੀ ਹੈ। ਪਹਿਲਾਂ ਇਹ ਬ੍ਰਿਟਿਸ਼ ਸਾਮਰਾਜ ਸੀ ਅਤੇ ਹੁਣ ਇਹ ਮੋਦੀ ਜੀ ਦਾ ਰਾਜ ਹੈ, ਜਿਸ ਵਿਚ ਜੇ ਤੁਸੀਂ ਅਪਣੀ ਆਵਾਜ਼ ਬੁਲੰਦ ਕਰੋਗੇ ਤਾਂ ਤੁਹਾਨੂੰ ਕੁੱਟਿਆ ਜਾਵੇਗਾ, ਜੇ ਤੁਸੀਂ ਸਵਾਲ ਕਰੋਗੇ ਤਾਂ ਤੁਹਾਨੂੰ ਮਾਰ ਦਿਤਾ ਜਾਵੇਗਾ, ਜੇ ਤੁਸੀਂ ਸੰਘਰਸ਼ ਕਰੋਗੇ ਤਾਂ ਸੁਣਵਾਈ ਨਹੀਂ ਹੋਵੇਗੀ, ਜੇ ਤੁਸੀਂ ਇਕ ਵੱਡੇ ਉਦਯੋਗਪਤੀ ਹੋ, ਤਾਂ ਤੁਹਾਡੀ ਸੁਣਵਾਈ ਹੋਵੇਗੀ। ਇਹ ਮੋਦੀ ਜੀ ਦੀ ਸਰਕਾਰ ਹੈ।’’