ਮੰਤਰੀ ਮੰਡਲ ਦੀ ਬੈਠਕ 'ਚ ਆਂਗਨਵਾੜੀ ਕਰਮਚਾਰੀਆਂ ਨੂੰ ਤੋਹਫੇ ਸਮੇਤ 16 ਪ੍ਰਸਤਾਵਾਂ ਨੂੰ ਪ੍ਰਵਾਨਗੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਰਾਜ ਦੀਆਂ ਪੌਣੇ ਚਾਰ ਲੱਖ ਆਂਗਨਵਾੜੀਆਂ ਕਰਮਚਾਰਣਾਂ ਨੂੰ ਤੋਹਫਾ ਦਿੰਦੇ ਹੋਏ ਉਨ੍ਹਾਂ ਨੂੰ ਕਾਰਗੁਜ਼ਾਰੀ ਪ੍ਰੋਤਸਾਹਨ ਦੇਣ ਦਾ ਫੈਸਲਾ ਕੀਤਾ ਹੈ।

UP CM Yogi Adityanath

ਲਖਨਊ, ( ਭਾਸ਼ਾ ) : ਲਖਨਊ ਦੇ ਲੋਕ ਭਵਨ ਵਿਖੇ ਮੁਖ ਮੰਤਰੀ ਯੋਗੀ ਆਦਿੱਤਯਨਾਥ ਦੀ ਅਗਵਾਈ ਵਿਚ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਕੁਲ 16 ਮਤਿਆਂ ਨੂੰ ਪ੍ਰਵਾਨਗੀ ਦੇ ਦਿਤੀ ਗਈ। ਸਰਕਾਰ ਨੇ ਰਾਜ ਦੀਆਂ ਪੌਣੇ ਚਾਰ ਲੱਖ ਆਂਗਨਵਾੜੀਆਂ ਕਰਮਚਾਰਣਾਂ ਨੂੰ ਤੋਹਫਾ ਦਿੰਦੇ ਹੋਏ ਉਨ੍ਹਾਂ ਨੂੰ ਕਾਰਗੁਜ਼ਾਰੀ ਪ੍ਰੋਤਸਾਹਨ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਨਾ ਸੀਵਰ ਸਫਾਈ ਦੌਰਾਨ ਸੇਫਟੀ ਟੈਂਕ ਵਿਚ ਮੌਤ ਹੋਣ 'ਤੇ ਸਫਾਈ ਕਰਮਚਾਰੀ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਮਤੇ ਨੂੰ ਵੀ ਪ੍ਰਵਾਨ ਕਰ ਲਿਆ ਗਿਆ ਹੈ।

ਮੰਤਰੀ ਮੰਡਲ ਦੀ ਬੈਠਕ ਵਿਚ ਬਾਲ ਸਿੱਖਿਆ ਅਧਿਕਾਰ 2011 ਵਿਚ ਤੀਜੀ ਸੋਧ ਨੂੰ ਵੀ ਮੰਜੂਰੀ ਦੇ ਦਿਤੀ ਗਈ । ਇਸ ਦੇ ਅਧੀਨ 45 ਦਿਨ ਤੱਕ ਲਗਾਤਾਰ ਗ਼ੈਰ ਹਾਜ਼ਰ ਰਹਿਣ ਵਾਲੇ ਬਾਲਿਕ ਜਾਂ ਬਾਲਿਕਾ ਨੂੰ ਸਕੂਲ ਤੋਂ ਬਗੈਰ ਮੰਨਿਆ ਜਾਵੇਗਾ। ਜਦਕਿ ਸਿੱਖਿਆ ਦੀ ਗੁਣਵੱਤਾ ਨੂੰ ਮਿਆਰੀ ਬਣਾਉਣ ਲਈ ਹਾਸਲ ਕੀਤੇ ਗਏ ਪਰੀਖਿਆ ਨਤੀਜਿਆਂ ਦੇ ਆਧਾਰ 'ਤੇ ਹੀ ਸਕੂਲਾਂ ਦੀ ਗ੍ਰੇਡਿੰਗ ਕੀਤੀ ਜਾਵੇਗੀ।

ਗੌਤਮਬੁੱਧ ਨਗਰ ਵਿਚ ਜੇਵਰ ਏਅਰਪੋਰਟ 2300 ਪ੍ਰਤੀ ਵਰਗ ਮੀਟਰ ਦੀ ਦਰ ਨਾਲ 1245.3 ਵਰਗ ਮੀਟਰ ਦੇ ਲਈ 4500 ਕਰੋੜ ਰੁਪਏ ਵਿਚੋਂ ਰਾਜ ਸਰਕਾਰ ਦੇ ਹਿੱਸੇ ਅਧੀਨ 1500 ਕਰੋੜ ਰੁਪਏ ਦੀ ਵਿੱਤੀ ਪ੍ਰਵਾਨਗੀ ਪ੍ਰਦਾਨ ਕੀਤੀ ਗਈ ਹੈ। 2.5 ਫ਼ੀ ਸਦੀ ਧਨਰਾਸ਼ੀ ਨੂੰ ਮਾਲ ਵਿਭਾਗ ਨੂੰ ਦਿਤੇ ਜਾਣ ਵਿਚ ਛੋਟ ਪ੍ਰਦਾਨ ਕੀਤੀ ਗਈ ਹੈ। ਆਂਗਨਵਾੜੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਇੰਸੈਂਟਿਵ ਦਿਤਾ ਜਾਵੇਗਾ। 500 ਰੁਪਏ ਕਰਮਚਾਰੀ ਅਤੇ 200 ਰੁਪਏ ਮੁਖ ਸੇਵਿਕਾ ਨੂੰ ਦਿਤੇ ਜਾਣਗੇ।

ਇਸ ਨਾਲ ਰਾਜ ਦੀਆਂ ਲਗਭਗ ਪੌਣੇ ਚਾਰ ਲੱਖ ਆਂਗਨਵਾੜੀ, ਸਹਾਇਕਾਂ ਅਤੇ ਮਿੰਨੀ ਆਂਗਨਵਾੜੀ ਵਰਕਰਾਂ ਨੂੰ ਵੀ ਲਾਭ ਹੋਵੇਗਾ। ਇਸ ਦੇ ਨਾਲ ਹੀ 3 ਤੋਂ 6 ਸਾਲ ਦੇ ਬੱਚਿਆਂ ਲਈ ਮਿਡ ਡੇ ਮੀਲ ਭੋਜਨ ਲਈ ਗਰਮ ਭੋਜਨ ਉਸੇ ਕੇਂਦਰ ਵਿਚ ਬਣਾਇਆ ਜਾਵੇਗਾ ਅਤੇ ਆਂਗਨਵਾੜੀ ਕੇਂਦਰ ਵਿਚ ਵੰਡਿਆ ਜਾਵੇਗਾ। ਜਿਸ ਨਾਲ ਸਾਰੇ 75 ਜਿਲ੍ਹਿਆਂ ਵਿਚ 4.50 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਲਗਭਗ 505 ਕਰੋੜ ਰੁਪਏ ਦਾ ਸਾਲਾਨਾ ਖਰਚ ਆਵੇਗਾ। ਰਾਜ ਦੇ ਸਮਹ ਜਿਲ੍ਹਿਆਂ ਵਿਚ 11 ਤੋਂ 14 ਸਾਲਾਂ ਤੱਕ ਦੀਆਂ ਸਕੂਲ ਨਾ ਜਾਣ ਵਾਲੀਆਂ ਲੜਕੀਆਂ ਨੂੰ ਸਾਲ ਵਿਚ 300 ਦਿਨ ਪੋਸ਼ਟਿਕ ਤੱਤਾਂ ਨਾਲ ਭਰਪੂਰ ਆਹਾਰ ਦਿਤਾ ਜਾਵੇਗਾ।