ਕਿਸਾਨਾਂ ਦੀ ਸੁਰੱਖਿਆ ਲਈ ਖ਼ਾਲਸਾ ਏਡ ਵਲੋਂ ਅਨੋਖੀ ਸੇਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੰਦੋਲਨ ਵਾਲੇ ਸਥਾਨਾਂ 'ਤੇ ਵੰਡੇ ਗਏ ਅੱਗ ਬੁਝਾਓ ਉਪਕਰਨ

Khalsa aid

ਨਵੀਂ ਦਿੱਲੀ: ਕਿਸਾਨੀ ਮੋਰਚੇ ਦੌਰਾਨ ਖ਼ਾਲਸਾ ਏਡ ਵੱਲੋਂ ਕਿਸਾਨਾਂ ਦੀ ਸੇਵਾ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਹੁਣ ਇਸ ਸੰਸਥਾ ਨੇ ਧਰਨੇ 'ਤੇ ਬੈਠੇ ਕਿਸਾਨਾਂ ਦੀ ਸੁਰੱਖਿਆ ਲਈ ਅਨੋਖੀ ਸੇਵਾ ਕੀਤੀ ਹੈ। ਦਰਅਸਲ ਖਾਲਸਾ ਏਡ ਨੇ ਕਿਸਾਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਰੱਖਣ ਲਈ ਅੰਦੋਲਨ ਵਾਲੀਆਂ ਥਾਵਾਂ 'ਤੇ ਅੱਗ ਬੁਝਾਓ ਉਪਕਰਨ ਵੰਡੇ ਹਨ।

ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਦੱਸ ਦਈਏ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸੇਵਾ ਲਈ ਖਾਲਸਾ ਏਡ ਦੀ ਟੀਮ ਦਿੱਲੀ ਪਹੁੰਚੀ ਹੈ। ਇਸ ਦੌਰਾਨ ਖਾਲਸਾ ਏਡ ਵੱਲੋਂ ਕਿਸਾਨਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਿਆ ਜਾ ਰਿਹਾ ਹੈ। 

ਇਸ ਤੋਂ ਇਲਾਵਾ ਬੀਤੇ ਦਿਨੀਂ ਖ਼ਾਲਸਾ ਏਡ ਵੱਲੋਂ ਕੁੰਡਲੀ ਬਾਰਡਰ ਵਿਖੇ ਖਾਣ-ਪੀਣ ਅਤੇ ਦਵਾਈਆਂ ਸਮੇਤ ਹੋਰ ਜ਼ਰੂਰਤਾਂ ਦੀ ਪੂਰਤੀ ਲਈ ਵੱਡੇ ਸਟਾਲ ਬਣਾਏ ਗਏ। ਇੱਥੇ ਕਿਸਾਨਾਂ ਦੀ ਜ਼ਰੂਰਤ ਦੀ ਹਰ ਚੀਜ਼ ਮੌਜੂਦ ਹਨ। ਇੱਥੇ ਫਲ-ਫਰੂਟ ਅਤੇ ਦਵਾਈਆਂ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। 

ਦੱਸ ਦਈਏ ਕਿ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖ਼ਾਲਸਾ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੇ ਚਲਦਿਆਂ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਅਪਣੀ ਪ੍ਰਤੀਕਿਰਿਆ ਦਿੰਦੇ ਰਹਿੰਦੇ ਹਨ।