ਆਰਬੀਆਈ ਨੇ ਐੱਚਡੀਐੱਫਸੀ ਬੈਂਕ ਨੂੰ ਨਵੇਂ ਕ੍ਰੈਡਿਟ ਜਾਰੀ ਕਰਨ ਤੋਂ ਰੋਕਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

RBI ਨੇ HDFC ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਕਿਹਾ ਹੈ ਕਿ ਉਹ ਆਪਣੀਆਂ ਕਮੀਆਂ ਦੀ ਜਾਂਚ ਕਰੇ ਤੇ ਜਵਾਬਦੇਹੀ ਤੈਅ ਕਰੇ

RBI bars HDFC Bank from issuing new credit cards, digital launches following outages

ਨਵੀਂ ਦਿੱਲੀ: ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐਚਡੀਐਫ਼ਸੀ (HDFC) ਬੈਂਕ ਨੂੰ ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੀਆਂ ਡਿਜੀਟਲ ਕਾਰੋਬਾਰੀ ਗਤੀਵਿਧੀਆਂ ਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਅਸਥਾਈ ਤੌਰ ’ਤੇ ਰੋਕਣ ਲਈ ਕਿਹਾ ਹੈ। ਕੇਂਦਰੀ ਬੈਂਕ ਨੇ ਐਚਡੀਐਫ਼ਸੀ ਦੇ ਡਾਟਾ ਸੈਂਟਰ ’ਚ ਪਿਛਲੇ ਮਹੀਨੇ ਕੰਮਕਾਜ ਪ੍ਰਭਾਵਿਤ ਹੋਣ ਕਾਰਨ ਇਹ ਹੁਕਮ ਦਿੱਤਾ ਹੈ।

HDFC ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ RBI ਦਾ ਅਜਿਹਾ ਹੁਕਮ ਪਿਛਲੇ ਦੋ ਸਾਲਾਂ ’ਚ ਬੈਂਕ ਦੇ ਇੰਟਰਨੈੱਟ ਬੈਂਕਿੰਗ/ਮੋਬਾਈਲ ਬੈਂਕਿੰਗ/ਪੇਮੈਂਟ ਬੈਂਕਿੰਗ ’ਚ ਹੋਈਆਂ ਪਰੇਸ਼ਾਨੀਆਂ ਦੇ ਸਬੰਧ ਵਿਚ ਹੈ ਜਿਸ ਵਿਚ ਬੀਤੀ 21 ਨਵੰਬਰ ਨੂੰ ਪ੍ਰਾਇਮਰੀ ਡਾਟਾ ਸੈਂਟਰ ’ਚ ਬਿਜਲੀ ਬੰਦ ਹੋ ਜਾਣ ਕਾਰਨ ਬੈਂਕ ਦੀ ਇੰਟਰਨੈੱਟ ਬੈਂਕਿੰਗ ਤੇ ਭੁਗਤਾਨ ਪ੍ਰਣਾਲੀ ਦਾ ਬੰਦ ਹੋਣਾ ਸ਼ਾਮਲ ਹੈ।

RBI ਨੇ HDFC ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਕਿਹਾ ਹੈ ਕਿ ਉਹ ਆਪਣੀਆਂ ਕਮੀਆਂ ਦੀ ਜਾਂਚ ਕਰੇ ਤੇ ਜਵਾਬਦੇਹੀ ਤੈਅ ਕਰੇ। HDFC ਬੈਂਕ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਉਸ ਨੇ ਆਪਣੇ ਆਈਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਕਈ ਉਪਾਅ ਕੀਤੇ ਹਨ ਤੇ ਬਾਕੀ ਰਹਿੰਦੇ ਕੰਮ ਵੀ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ।

ਬੈਂਕ ਨੇ ਕਿਹਾ ਹੈ ਕਿ ਉਹ ਡਿਜੀਟਲ ਬੈਂਕਿੰਗ ਚੈਨਲਾਂ ਵਿਚ ਹਾਲੀਆ ਪ੍ਰੇਸ਼ਾਨੀਆਂ ਦੂਰ ਕਰਨ ਲਈ ਠੋਸ ਕਦਮ ਚੁੱਕ ਰਿਹਾ ਹੈ। ਬੈਂਕ ਨੇ ਆਸ ਪ੍ਰਗਟਾਈ ਹੈ ਕਿ ਉਸ ਦੇ ਮੌਜੂਦਾ ਕ੍ਰੈਡਿਟ ਕਾਰਡ, ਡਿਜੀਟਲ ਬੈਂਕਿੰਗ ਚੈਨਲਾਂ ਤੇ ਮੌਜੂਦਾ ਗਤੀਵਿਧੀਆਂ ਉੱਤੇ ਤਾਜ਼ਾ ਰੈਗੂਲੇਟਰੀ ਫ਼ੈਸਲੇ ਦਾ ਕੋਈ ਅਸਰ ਨਹੀਂ ਪਵੇਗਾ।