ਟਰੇਲਰ ਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, 4 ਮੌਤਾਂ, ਦੋ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਜੈਪੁਰ: ਰਾਜਸਥਾਨ ਦੇ ਜੈਪੁਰ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇੱਥੋਂ ਦੇ ਬੱਸੀ ਇਲਾਕੇ ਵਿੱਚ ਟਰੇਲਰ ਅਤੇ ਬੱਸ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ ਹਨ।
ਦੱਸ ਦੇਈਏ ਕਿ ਬੱਸ ਨੇ ਟਰੇਲਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਵਿੱਚ ਬੈਠੀਆਂ ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਜੈਪੁਰ-ਆਗਰਾ ਹਾਈਵੇਅ 'ਤੇ ਜਾਮ
ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਜੈਪੁਰ-ਆਗਰਾ ਹਾਈਵੇਅ 'ਤੇ ਲੰਮਾ ਜਾਮ ਲੱਗ ਗਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਬੱਸੀ, ਕਨੋਟਾ ਅਤੇ ਤੁੰਗਾ ਥਾਣਿਆਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪੁਲਿਸ ਤੇ ਪਿੰਡ ਵਾਸੀਆਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਨੂੰ ਬਾਹਰ ਕੱਢਿਆ। ਫਿਰ ਚਾਰ ਐਂਬੂਲੈਂਸਾਂ ਅਤੇ ਨਿੱਜੀ ਵਾਹਨਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬੱਸੀ ਸੀ.ਐੱਚ.ਸੀ ਅਤੇ ਐੱਸ.ਐੱਮ.ਐੱਸ. ਹਸਪਤਾਲ ਪਹੁੰਚਾਇਆ ਗਿਆ।