ਅਲਕਾ ਲਾਂਬਾ ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ, 'ਦਿੱਲੀ ਦੇ ਠੱਗ ਹੁਣ ਪੰਜਾਬ ਨੂੰ ਠੱਗਣ ਲਈ ਆ ਰਹੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਪੰਜਾਬ ਨਾਲੋਂ ਦਿੱਲੀ 'ਚ ਵੱਧ ਬੇਰੁਜ਼ਗਾਰੀ ਹੈ, ਨਾ ਔਰਤਾਂ ਨੂੰ 1000-1000 ਰੁਪਏ ਮਿਲਦੇ ਨੇ'

Alka Lamba

 

ਚੰਡੀਗੜ੍ਹ: ਦਿੱਲੀ ਦੀ ਕਾਂਗਰਸ ਨੇਤਾ ਅਲਕਾ ਲਾਂਬਾ ਨੇ  ਅੱਜ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਠੱਗ ਹੁਣ ਪੰਜਾਬ ਨੂੰ ਠੱਗਣ ਲਈ ਆ ਰਹੇ ਹਨ। ਦਿੱਲੀ ਨੂੰ ਧੋਖਾ ਦਿੱਤਾ ਗਿਆ ਹੈ, ਹੁਣ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਪਵੇਗਾ। ਕੇਜਰੀਵਾਲ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।

 

 

ਅਲਕਾ ਲਾਂਬਾ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਿਤਾਬ ‘ਸਵਰਾਜ’ ਦਿਖਾਉਂਦੇ ਹੋਏ ਉਨ੍ਹਾਂ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਵਰਾਜ ਦੀ ਕਿਤਾਬ ਅੱਜ ਨਹੀਂ ਮਿਲੇਗੀ। ਲੋਕਪਾਲ ਦੀ ਗੱਲ ਕਰਦੇ ਸਨ ਪਰ ਦਿੱਲੀ ਵਿੱਚ ਲੋਕਾਯੁਕਤ ਦਾ ਅਹੁਦਾ ਖਾਲੀ ਹੈ। ‘ਆਪ’ ਆਗੂ ਰੋਜ਼ਗਾਰ ਮੇਲੇ ਲਾਉਣ ਦੀ ਗੱਲ ਕਰਦੇ ਸਨ, ਪਰ ਬੇਰੁਜ਼ਗਾਰੀ ਦੀ ਦਰ ਹੋਰ ਵਧ ਗਈ ਹੈ।

 

 

 

ਅਲਕਾ ਲਾਂਬਾ ਨੇ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਲੜਕੀਆਂ ਅਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਕੀਤੇ ਵਾਅਦੇ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਔਰਤਾਂ ਨੂੰ ਇੱਕ ਸਾਲ ਤੱਕ 1000 ਰੁਪਏ ਕਿਉਂ ਨਹੀਂ ਦਿੱਤੇ। ਜੇਕਰ 1 ਜਨਵਰੀ ਤੋਂ ਦਿੱਲੀ ਦੀਆਂ ਔਰਤਾਂ ਨੂੰ  1000 ਰੁਪਏ ਮਿਲ ਜਾਣ ਤਾਂ ਪੰਜਾਬ ਦੇ ਲੋਕ 'ਆਪ' ਨੂੰ ਵੋਟ ਦੇਣ।

 

 

 

ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਸਵਾਲ ਉਠਾਉਂਦੇ ਹੋਏ ਅਲਕਾ ਲਾਂਬਾ ਨੇ ਕਿਹਾ ਕਿ ਦਿੱਲੀ 'ਚ ਔਰਤਾਂ ਖਿਲਾਫ ਅਪਰਾਧਾਂ ਦੇ ਮਾਮਲੇ ਵਧੇ ਹਨ। ਇਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਪਤਾ ਨਹੀਂ ਕਦੋਂ ਦਿੱਲੀ ਨੂੰ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਅਤੇ ਕੇਜਰੀਵਾਲ ਪੰਜਾਬ ਵਿਚ ਵਾਅਦੇ ਕਰ ਰਿਹਾ ਹੈ। ਅਲਕਾ ਲਾਂਬਾ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ।

 

 

ਅਲਕਾ ਲਾਂਬਾ ਨੇ ਕਿਹਾ ਕਿ ਬੇਅਦਬੀ ਕਾਂਡ ਅੱਜ ਪੰਜਾਬ ਵਿੱਚ ਇੱਕ ਵੱਡਾ ਸਵਾਲ ਹੈ ਅਤੇ ਪੰਜਾਬ ਸਰਕਾਰ ਦੋਸ਼ੀਆਂ ਨੂੰ ਫੜੇਗੀ। ਇਸ ਮਾਮਲੇ ਵਿੱਚ ਕੰਮ ਨਹੀਂ ਚੱਲਿਆ, ਇਸ ਲਈ ਪਾਰਟੀ ਨੇ ਕਾਂਗਰਸ ਸਰਕਾਰ ਦੀ ਲੀਡਰਸ਼ਿਪ ਬਦਲ ਦਿੱਤੀ। ਚਰਨਜੀਤ ਸਿੰਘ ਚੰਨੀ ਪੰਜਾਬ ਦੇ ਲੋਕਾਂ ਦਾ ਦਰਦ ਜਾਣਦੇ ਹਨ। ਚੰਨੀ ਅੱਜ ਮੁੱਖ ਮੰਤਰੀ ਹਨ ਅਤੇ ਉਹ ਚੋਣ ਦੀ ਅਗਵਾਈ ਕਰਨਗੇ। ਅੱਜ ਕਾਂਗਰਸ ਵਿੱਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੰਨ ਕਲਚਰ ਵਾਲੇ ਗੀਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਮਲੇ ਵਿੱਚ ਕਾਨੂੰਨ ਆਪਣਾ ਕੰਮ ਕਰੇਗਾ।

 

 

ਮੌਕੇ 'ਤੇ ਮੌਜੂਦ ਪੰਜਾਬ ਦੇ ਸਿਹਤ ਮੰਤਰੀ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬੀ ਸਿੱਖੀ ਹੈ, ਇਸ ਲਈ ਉਹ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰਨਗੇ। ਉਹ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ।