ਅਗਲੇ ਸਾਲ ਤੋਂ ਔਰਤਾਂ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹੇਗੀ ਭਾਰਤੀ ਜਲ ਸੈਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਡਮਿਰਲ ਕੁਮਾਰ ਨੇ ਇਹ ਵੀ ਦੱਸਿਆ ਕਿ ਲਗਭਗ 3,000 ‘ਅਗਨੀਵੀਰਾਂ’ ਦੇ ਪਹਿਲੇ ਬੈਚ ਵਿਚ 341 ਔਰਤਾਂ ਵੀ ਸ਼ਾਮਲ ਹਨ।

Navy to open all its branches to women from next year

 

ਨਵੀਂ ਦਿੱਲੀ:  ਭਾਰਤੀ ਜਲ ਸੈਨਾ ਅਗਲੇ ਸਾਲ ਤੋਂ ਔਰਤਾਂ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹਣ ਬਾਰੇ ਵਿਚਾਰ ਕਰ ਰਹੀ ਹੈ। ਨੇਵੀ ਚੀਫ ਐਡਮਿਰਲ ਆਰ ਹਰੀ ਕੁਮਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜਲ ਸੈਨਾ ਦਿਵਸ ਤੋਂ ਇਕ ਦਿਨ ਪਹਿਲਾਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਡਮਿਰਲ ਕੁਮਾਰ ਨੇ ਇਹ ਵੀ ਦੱਸਿਆ ਕਿ ਲਗਭਗ 3,000 ‘ਅਗਨੀਵੀਰਾਂ’ ਦੇ ਪਹਿਲੇ ਬੈਚ ਵਿਚ 341 ਔਰਤਾਂ ਵੀ ਸ਼ਾਮਲ ਹਨ।

ਜਲ ਸੈਨਾ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਦਸੰਬਰ 'ਚ ਕਿਹਾ ਸੀ ਕਿ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕਰਮਾਦਿੱਤਿਆ ਸਮੇਤ ਕਰੀਬ 15 ਜੰਗੀ ਜਹਾਜ਼ਾਂ 'ਤੇ 28 ਮਹਿਲਾ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇਹ ਗਿਣਤੀ ਵਧ ਸਕਦੀ ਹੈ। ਉਹਨਾਂ ਕਿਹਾ, “ਲਗਭਗ 3,000 ਅਗਨੀਵੀਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 341 ਔਰਤਾਂ ਹਨ। ਇਹ ਸਾਡੇ ਲਈ ਇਤਿਹਾਸਕ ਘਟਨਾ ਹੈ ਕਿਉਂਕਿ ਪਹਿਲੀ ਵਾਰ ਜਲ ਸੈਨਾ ਮਹਿਲਾ ਕਰਮਚਾਰੀਆਂ ਨੂੰ ਸ਼ਾਮਲ ਕਰ ਰਹੀ ਹੈ। ਅਸੀਂ ਪਿਛਲੇ 16-17 ਸਾਲਾਂ ਤੋਂ ਮਹਿਲਾ ਅਧਿਕਾਰੀਆਂ ਦੀ ਭਰਤੀ ਕਰ ਰਹੇ ਹਾਂ ਪਰ ਪਹਿਲੀ ਵਾਰ ਅਸੀਂ ਮਹਿਲਾ ਕਰਮਚਾਰੀਆਂ ਦੀ ਭਰਤੀ ਕਰ ਰਹੇ ਹਾਂ।”

ਉਹਨਾਂ ਕਿਹਾ ਕਿ ਨੇਵੀ ਅਗਲੇ ਸਾਲ ਤੋਂ ਮਹਿਲਾ ਅਧਿਕਾਰੀਆਂ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹੇਗੀ। ਨੇਵੀ ਮੁਖੀ ਨੇ ਕਿਹਾ, "ਅਗਲੇ ਸਾਲ ਅਸੀਂ ਆਪਣੀਆਂ ਸਾਰੀਆਂ ਸ਼ਾਖਾਵਾਂ ਵਿਚ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕਰਨ ਬਾਰੇ ਸੋਚ ਰਹੇ ਹਾਂ, ਨਾ ਕਿ ਸਿਰਫ਼ ਉਹਨਾਂ ਸੱਤ ਜਾਂ ਅੱਠ ਸ਼ਾਖਾਵਾਂ ਵਿਚ ਜਿਨ੍ਹਾਂ ਵਿਚ ਹੁਣ ਤੱਕ ਮਹਿਲਾ ਕਰਮਚਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।"

ਅਗਲੇ ਸਾਲ ਤੋਂ ਮਹਿਲਾ ਅਧਿਕਾਰੀਆਂ ਲਈ ਵੀ ਸਾਰੀਆਂ ਸ਼ਾਖਾਵਾਂ ਖੋਲ੍ਹ ਦਿੱਤੀਆਂ ਜਾਣਗੀਆਂ। ਜਲ ਸੈਨਾ 4 ਦਸੰਬਰ ਨੂੰ ਜਲ ਸੈਨਾ ਦਿਵਸ ਵਜੋਂ ਮਨਾਉਂਦੀ ਹੈ। ਇਹ ਦਿਨ ਕਰਾਚੀ ਬੰਦਰਗਾਹ 'ਤੇ ਜਲ ਸੈਨਾ ਦੇ ਹਮਲੇ ਅਤੇ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਨਿਰਣਾਇਕ ਜਿੱਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ।