ਅਧਿਆਪਕ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨੀ ਪਈ ਮਹਿੰਗੀ, ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਹਾਇਕ ਕਮਿਸ਼ਨਰ ਨੇ ਅਧਿਆਪਕ ਰਾਜੇਸ਼ ਕਨੋਜੇ ਨੂੰ ਕੀਤਾ ਮੁਅੱਤਲ 

Rajesh kanoje with Rahul Gandhi during Bharat jodo yatra

ਕਿਹਾ- ਸਿਆਸੀ ਰੈਲੀ 'ਚ ਸ਼ਾਮਲ ਹੋ ਕੇ ਮੱਧ ਪ੍ਰਦੇਸ਼ ਸਿਵਲ ਸਰਵਸਿਜ਼ ਦੇ ਨਿਯਮਾਂ ਦਾ ਕੀਤਾ ਗਿਆ ਉਲੰਘਣ 

ਮੱਧ ਪ੍ਰਦੇਸ਼ : ਭਾਰਤ ਜੋੜੋ ਯਾਤਰਾ 'ਚ ਹਿੱਸਾ ਲੈ ਕੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਵਾਲੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਹਾਇਕ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਅਧਿਆਪਕ ਨੇ ਰਾਹੁਲ ਗਾਂਧੀ ਨੂੰ ਧਨੁਸ਼ ਅਤੇ ਤੀਰ ਵੀ ਭੇਟ ਕੀਤਾ ਸੀ। ਹੁਣ ਇਸ 'ਤੇ ਸਿਆਸਤ ਗਰਮਾ ਗਈ ਹੈ।

ਸੂਬੇ ਦੀ ਸਾਬਕਾ ਗ੍ਰਹਿ ਮੰਤਰੀ ਬਾਲਾ ਬੱਚਨ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਅਤੇ ਰਾਹੁਲ ਗਾਂਧੀ ਨੇ ਭਾਜਪਾ ਅਤੇ ਸ਼ਿਵਰਾਜ ਸਿੰਘ ਚੌਹਾਨ ਦੀਆਂ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਭਾਜਪਾ ਇਸ ਭਾਰਤ ਜੋੜੋ ਯਾਤਰਾ ਤੋਂ ਡਰਦੀ ਹੈ। 24 ਦਸੰਬਰ ਨੂੰ ਗਜਾਨੰਦ ਬ੍ਰਾਹਮਣੇ ਅਤੇ ਵਿਜੇ ਸੋਲੰਕੀ ਦੇ ਨਾਲ ਸੇਂਧਵਾ ਨੇੜੇ ਸਥਿਤ ਪ੍ਰਾਇਮਰੀ ਸਕੂਲ ਕਾਂਸਿਆ ਫਲੀਆ ਕੁਜਰੀ ਵਿੱਚ ਤਾਇਨਾਤ ਅਧਿਆਪਕ ਰਾਜੇਸ਼ ਕਨੋਜੇ ਭਾਰਤ ਜੋੜੋ ਯਾਤਰਾ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਖੰਡਵਾ ਜ਼ਿਲ੍ਹੇ ਦੇ ਬੋਰਗਾਂਵ ਅਤੇ ਰੁਸਤਮਪੁਰ ਵਿਚਕਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਕਬਾਇਲੀ ਸਮਾਜ ਦੇ ਮੁੱਦਿਆਂ 'ਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਮਾਨ ਵੀ ਭੇਂਟ ਕੀਤੀ ਗਈ। ਰਾਹੁਲ ਗਾਂਧੀ ਨੇ ਰਾਜੇਸ਼ ਕਨੋਜੇ ਤੋਂ ਕਮਾਨ ਲੈ ਕੇ ਤੀਰ ਵੀ ਚਲਾਇਆ ਸੀ।

ਦੱਸ ਦੇਈਏ ਕਿ 24 ਨਵੰਬਰ ਨੂੰ ਰਾਜੇਸ਼ ਕਨੋਜੇ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਸਨ ਅਤੇ ਇਸ ਦੇ ਅਗਲੇ ਦਿਨ ਯਾਨੀ 25 ਨਵੰਬਰ ਨੂੰ ਕਬਾਇਲੀ ਮਾਮਲੇ ਵਿਭਾਗ ਬੜਵਾਨੀ ਦੇ ਸਹਾਇਕ ਕਮਿਸ਼ਨਰ ਵਲੋਂ ਅਧਿਆਪਕ ਕਨੋਜੇ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੁਅੱਤਲੀ ਪੱਤਰ ਵਿਚ ਕਿਹਾ ਗਿਆ ਹੈ ਕਿ ਉਸ ਨੇ ਭਾਰਤ ਜੋੜੋ ਯਾਤਰਾ ਤਹਿਤ ਇਕ ਸਿਆਸੀ ਪਾਰਟੀ ਦੀ ਰੈਲੀ ਵਿਚ ਹਿੱਸਾ ਲੈ ਕੇ ਮੱਧ ਪ੍ਰਦੇਸ਼ ਸਿਵਲ ਸਰਵਿਸਿਜ਼ ਕੰਡਕਟ 1965 ਦੇ ਨਿਯਮ 5 ਦੀ ਉਲੰਘਣਾ ਕੀਤੀ ਹੈ। ਮੁਅੱਤਲੀ ਦੇ ਸਮੇਂ ਦੌਰਾਨ, ਰਾਜੇਸ਼ ਕਨੋਜੇ ਦਾ ਮੁੱਖ ਦਫਤਰ ਬੀਈਓ ਦਫਤਰ ਦੇ ਤੌਰ 'ਤੇ ਨਿਸ਼ਚਿਤ ਕੀਤਾ ਗਿਆ ਸੀ।

ਉਧਰ ਰਾਜੇਸ਼ ਕਨੋਜੇ ਦਾ ਕਹਿਣਾ ਹੈ ਕਿ ਉਹ ਸਰਕਾਰੀ ਅਧਿਆਪਕ ਹੋਣ ਦੇ ਨਾਲ-ਨਾਲ ਆਦਿਵਾਸੀ ਸਮਾਜ ਸੇਵਕ ਵੀ ਹਨ। ਉਨ੍ਹਾਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨਾਲ ਜੰਗਲਾਤ ਅਧਿਕਾਰ ਕਾਨੂੰਨ ਅਤੇ ਆਦਿਵਾਸੀ ਸਮਾਜ ਦੇ ਕਈ ਮੁੱਦਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਹੀ ਸਹਾਇਕ ਕਮਿਸ਼ਨਰ ਵੱਲੋਂ ਮੈਨੂੰ ਮੁਅੱਤਲ ਕਰਨ ਦੇ ਹੁਕਮ ਪ੍ਰਾਪਤ ਹੋਏ ਹਨ। ਉਨ੍ਹਾਂ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਦੱਸਿਆ ਹੈ।