ਬੀਜਾਪੁਰ ਮੁਕਾਬਲੇ ’ਚ 12 ਨਕਸਲੀ ਹਲਾਕ, 3 ਡੀ.ਆਰ.ਜੀ. ਪੁਲਿਸ ਮੁਲਾਜ਼ਮ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਾਲ ਹੁਣ ਤੱਕ ਮਾਰੇ ਗਏ 275 ਮਾਉਵਾਦੀ

12 Naxalites killed, 3 DRG police personnel martyred in Bijapur encounter

ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਬੁਧਵਾਰ ਨੂੰ ਭਿਆਨਕ ਮੁਕਾਬਲੇ ’ਚ 12 ਨਕਸਲੀ ਮਾਰੇ ਗਏ ਅਤੇ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਗੋਲੀਬਾਰੀ ’ਚ ਡੀ.ਆਰ.ਜੀ. ਦੇ ਦੋ ਹੋਰ ਜਵਾਨ ਜ਼ਖਮੀ ਹੋ ਗਏ। 

ਪੁਲਿਸ ਇੰਸਪੈਕਟਰ ਜਨਰਲ (ਬਸਤਰ ਰੇਂਜ) ਸੁੰਦਰਰਾਜ ਪੱਟੀਲਿੰਗਮ ਨੇ ਦਸਿਆ ਕਿ ਬੀਜਾਪੁਰ-ਦੰਤੇਵਾੜਾ ਜ਼ਿਲ੍ਹਿਆਂ ਦੀ ਸਰਹੱਦ ਉਤੇ ਜੰਗਲ ’ਚ ਗੋਲੀਬਾਰੀ ਉਸ ਸਮੇਂ ਹੋਈ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇਕ ਸਾਂਝੀ ਟੀਮ ਨਕਸਲੀ ਵਿਰੋਧੀ ਮੁਹਿੰਮ ’ਚ ਨਿਕਲ ਰਹੀ ਸੀ। 

ਉਨ੍ਹਾਂ ਦਸਿਆ ਕਿ ਇਸ ਮੁਹਿੰਮ ਵਿਚ ਦੰਤੇਵਾੜਾ ਅਤੇ ਬੀਜਾਪੁਰ ਦੇ ਡੀਆਰਜੀ ਦੇ ਜਵਾਨ ਅਤੇ ਸਪੈਸ਼ਲ ਟਾਸਕ ਫੋਰਸ, ਸੂਬਾ ਪੁਲਿਸ ਦੀਆਂ ਦੋਵੇਂ ਇਕਾਈਆਂ ਅਤੇ ਕੋਬਰਾ (ਕਮਾਂਡੋ ਬਟਾਲੀਅਨ ਫਾਰ ਰਿਜ਼ੋਲਿਊਟ ਐਕਸ਼ਨ-ਸੀ.ਆਰ.ਪੀ.ਐਫ. ਦੀ ਇਕ ਕੁਲੀਨ ਇਕਾਈ) ਸ਼ਾਮਲ ਸਨ। 

ਸੀਨੀਅਰ ਆਈ.ਪੀ.ਐਸ. ਅਧਿਕਾਰੀ ਨੇ ਦਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਹੁਣ ਤਕ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁਕੀਆਂ ਹਨ, ਪਰ ਉਨ੍ਹਾਂ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਮੌਕੇ ਤੋਂ ਸਿੰਗਲ ਲੋਡਿੰਗ ਰਾਈਫਲਜ਼ (ਐਸ.ਐਲ.ਆਰ.), ਇਨਸਾਸ ਰਾਈਫਲਾਂ .303 ਰਾਈਫਲਾਂ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। 

ਪੈਟੀਲਿੰਗਮ ਨੇ ਦਸਿਆ ਕਿ ਇਸ ਮੁਕਾਬਲੇ ’ਚ ਡੀ.ਆਰ.ਜੀ. ਬੀਜਾਪੁਰ ਦੇ ਹੈੱਡ ਕਾਂਸਟੇਬਲ ਮੋਨੂੰ ਵਦਾਦੀ, ਕਾਂਸਟੇਬਲ ਦੁਕਾਰੂ ਗੋਂਡੇ ਅਤੇ ਜਵਾਨ ਰਮੇਸ਼ ਸੋਢੀ ਸ਼ਹੀਦ ਹੋ ਗਏ, ਜਦਕਿ ਦੋ ਹੋਰ ਡੀ.ਆਰ.ਜੀ. ਜਵਾਨ ਜ਼ਖਮੀ ਹੋ ਗਏ। ਆਈ.ਜੀ.ਪੀ. ਨੇ ਦਸਿਆ ਕਿ ਜ਼ਖਮੀ ਜਵਾਨਾਂ ਨੂੰ ਤੁਰਤ ਮੁੱਢਲੀ ਸਹਾਇਤਾ ਦਿਤੀ ਗਈ ਅਤੇ ਉਨ੍ਹਾਂ ਨੂੰ ਹੁਣ ਖ਼ਤਰੇ ਤੋਂ ਬਾਹਰ ਦਸਿਆ ਗਿਆ ਹੈ। 

ਬੀਜਾਪੁਰ ਦੇ ਪੁਲਿਸ ਸੁਪਰਡੈਂਟ ਜਿਤੇਂਦਰ ਯਾਦਵ ਨੇ ਦਸਿਆ ਕਿ ਪਛਮੀ ਬਸਤਰ ਡਿਵੀਜ਼ਨ ’ਚ ਪੈਂਦੇ ਮੁਕਾਬਲੇ ਵਾਲੀ ਥਾਂ ਉਤੇ ਹੋਰ ਟੀਮਾਂ ਭੇਜੀਆਂ ਗਈਆਂ ਹਨ ਅਤੇ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ। 

ਸੁਰੱਖਿਆ ਬਲਾਂ ਦੀ ਤਾਜ਼ਾ ਕਾਰਵਾਈ ਨਾਲ ਇਸ ਸਾਲ ਛੱਤੀਸਗੜ੍ਹ ਵਿਚ ਹੁਣ ਤਕ ਮੁਕਾਬਲੇ ਵਿਚ 275 ਨਕਸਲੀ ਮਾਰੇ ਜਾ ਚੁਕੇ ਹਨ। ਇਨ੍ਹਾਂ ਵਿਚੋਂ 246 ਨੂੰ ਬਸਤਰ ਡਿਵੀਜ਼ਨ ’ਚ ਮਾਰ ਦਿਤਾ ਗਿਆ, ਜਿਸ ’ਚ ਬੀਜਾਪੁਰ ਅਤੇ ਦੰਤੇਵਾੜਾ ਸਮੇਤ ਸੱਤ ਜ਼ਿਲ੍ਹੇ ਸ਼ਾਮਲ ਹਨ, ਜਦਕਿ ਰਾਏਪੁਰ ਡਿਵੀਜ਼ਨ ’ਚ ਆਉਣ ਵਾਲੇ ਗਰੀਆਬੰਦ ਜ਼ਿਲ੍ਹੇ ’ਚ 27 ਹੋਰ ਮਾਰੇ ਗਏ ਹਨ। ਦੁਰਗ ਡਿਵੀਜ਼ਨ ਦੇ ਮੋਹਲਾ-ਮਾਨਪੁਰ-ਅੰਬਾਗੜ੍ਹ ਚੌਕੀ ਜ਼ਿਲ੍ਹੇ ਵਿਚ ਦੋ ਨਕਸਲੀਆਂ ਦੀ ਮੌਤ ਹੋ ਗਈ ਸੀ। ਕੇਂਦਰ ਨੇ ਖੱਬੇਪੱਖੀ ਅਤਿਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ 31 ਮਾਰਚ 2026 ਦੀ ਸਮਾਂ ਸੀਮਾ ਤੈਅ ਕੀਤੀ ਹੈ।