ਗੁਜਰਾਤ ਦੇ ਭਾਵਨਗਰ 'ਚ ਕੰਪਲੈਕਸ ਵਿਚ ਲੱਗੀ ਅੱਗ, ਪਹਿਲੀ ਮੰਜ਼ਿਲ ਦੀ ਖਿੜਕੀ ਤੋੜ ਕੇ ਨਵਜੰਮੇ ਬੱਚਿਆਂ ਨੂੰ ਕੱਢਿਆ ਬਾਹਰ
ਇਮਾਰਤ ਵਿੱਚ ਹਨ 4 ਹਸਪਤਾਲ
ਗੁਜਰਾਤ ਦੇ ਭਾਵਨਗਰ ਵਿਚ ਇਕ ਬੁੱਧਵਾਰ ਸਵੇਰੇ ਕੰਪਲੈਕਸ ਵਿਚ ਅੱਗ ਲੱਗ ਗਈ। ਬੇਸਮੈਂਟ ਤੋਂ ਸ਼ੁਰੂ ਹੋਈ ਅੱਗ ਤੇਜ਼ੀ ਨਾਲ ਪੂਰੀ ਇਮਾਰਤ ਵਿੱਚ ਫੈਲ ਗਈ, ਇਮਾਰਤ ਵਿਚ ਚਾਰ ਹਸਪਤਾਲ ਅਤੇ ਕਈ ਦੁਕਾਨਾਂ ਹਨ। ਅੱਗ ਦੇ ਫੈਲਦੇ ਹੀ ਪਹਿਲੀ ਮੰਜ਼ਿਲ ਦੇ ਹਸਪਤਾਲ ਦੀ ਖਿੜਕੀ ਤੋੜ ਕੇ ਨਵਜੰਮੇ ਬੱਚਿਆਂ ਨੂੰ ਚਾਦਰਾਂ ਵਿੱਚ ਲਪੇਟ ਕੇ ਬਾਹਰ ਲਿਆਂਦਾ ਗਿਆ।
ਇੱਕ ਹੋਰ ਹਸਪਤਾਲ ਤੋਂ ਵੀ ਮਰੀਜ਼ਾਂ ਨੂੰ ਬਚਾਇਆ ਗਿਆ। ਪ੍ਰਸ਼ਾਸਨ ਦੇ ਅਨੁਸਾਰ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਮਾਰਤ ਵਿੱਚੋਂ ਧੂੰਆਂ ਫੈਲਣ ਕਾਰਨ ਮਰੀਜ਼ਾਂ ਨੂੰ ਹੋਰ ਥਾਵਾਂ 'ਤੇ ਤਬਦੀਲ ਕਰ ਦਿੱਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫਾਇਰ ਅਫਸਰ ਪ੍ਰਦੁਮਨ ਸਿੰਘ ਦੇ ਅਨੁਸਾਰ, ਹੁਣ ਤੱਕ 19-20 ਲੋਕਾਂ ਨੂੰ ਬਚਾਇਆ ਗਿਆ ਹੈ। ਪੰਜ ਫਾਇਰਫਾਈਟਰ ਅਤੇ 50 ਤੋਂ ਵੱਧ ਕਰਮਚਾਰੀ ਅੱਗ ਬੁਝਾਉਣ ਵਿੱਚ ਲੱਗੇ ਹੋਏ ਸਨ। ਇਮਾਰਤ ਵਿੱਚ ਸਥਿਤ ਹਸਪਤਾਲ ਵਿੱਚੋਂ ਨਵਜੰਮੇ ਬੱਚਿਆਂ ਨੂੰ ਵੀ ਬਚਾਇਆ ਗਿਆ। ਉਨ੍ਹਾਂ ਨੂੰ ਚਾਦਰਾਂ ਵਿੱਚ ਲਪੇਟ ਕੇ ਡ੍ਰਿੱਪਾਂ ਨਾਲ ਬਾਹਰ ਕੱਢਿਆ ਗਿਆ।
ਨਗਰ ਨਿਗਮ ਕਮਿਸ਼ਨਰ ਐਨ.ਵੀ. ਮੀਣਾ ਨੇ ਕਿਹਾ ਕਿ ਅੱਗ ਜ਼ਮੀਨੀ ਮੰਜ਼ਿਲ 'ਤੇ ਇਕੱਠੇ ਹੋਏ ਕੂੜੇ ਤੋਂ ਲੱਗੀ ਅਤੇ ਇਸ ਦਾ ਧੂੰਆਂ ਹਸਪਤਾਲਾਂ ਤੱਕ ਪਹੁੰਚਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।