ਕਾਂਗਰਸ ਨਾਲ ਸਮਝੌਤਾ ਨਹੀਂ ਕਰੇਗੀ 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਵਿਚ 'ਆਪ' ਦੀ ਸੂਬਾਈ ਲੀਡਰਸ਼ਿਪ ਨੇ  ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਨਾਲ ਸਮਝੌਤਾ ਨਾ ਕਰਨ ਦਾ ਸੁਝਾਅ ਦਿੰਦਿਆਂ.........

Sukhpal Singh Khaira

ਚੰਡੀਗੜ੍ਹ/ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ 'ਆਪ' ਦੀ ਸੂਬਾਈ ਲੀਡਰਸ਼ਿਪ ਨੇ  ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਨਾਲ ਸਮਝੌਤਾ ਨਾ ਕਰਨ ਦਾ ਸੁਝਾਅ ਦਿੰਦਿਆਂ ਕਾਂਗਰਸ ਵਿਰੁਧ ਜੰਮ ਕੇ ਭੜਾਸ ਕੱਢੀ। ਕੇਜਰੀਵਾਲ ਨੇ ਪੰਜਾਬ ਲੀਡਰਸ਼ਿਪ ਨੂੰ ਹਰ ਫ਼ੈਸਲੇ ਵਿਚ ਖੁਲ੍ਹ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਕੋਰ ਕਮੇਟੀ ਜੋ ਫ਼ੈਸਲਾ ਕਰੇਗੀ, ਉਸ 'ਤੇ ਉਹ ਸਹੀ ਪਾ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਵਚਨਬੱਧਤਾ, ਈਮਾਨਦਾਰੀ ਅਤੇ ਕਾਰਜਸ਼ੈਲੀ ਨੂੰ ਵੇਖ ਕੇ ਦੇਸ਼ ਦੇ ਲੋਕਾਂ ਲਈ ਹੁਣ ਆਮ ਆਦਮੀ ਪਾਰਟੀ ਹੀ ਇਕ ਉਮੀਦ ਬਚੀ ਹੈ।

ਉਨ੍ਹਾਂ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਖਹਿਰਾ ਵਿਰੁਧ ਵੀ ਕਾਰਵਾਈ ਲਈ ਹਰੀ ਝੰਡੀ ਦਿਤੀ। ਕੇਜਰੀਵਾਲ ਅਪਣੇ ਨਿਵਾਸ 'ਤੇ ਪੰਜਾਬ ਦੇ ਬਲਾਕ ਪੱਧਰ ਤਕ ਦੀ ਸਮੁੱਚੀ ਲੀਡਰਸ਼ਿਪ ਨੂੰ ਸੰਬੋਧਨ ਕਰ ਰਹੇ ਸਨ। ਕੇਜਰੀਵਾਲ ਨੇ ਕਿਹਾ ਕਿ 70 ਸਾਲਾਂ ਦੇ ਇਤਿਹਾਸ 'ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਲੁੱਟਣ ਤੋਂ ਇਲਾਵਾ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗੁਜਰਾਤ, ਛੱਤੀਸਗੜ੍ਹ, ਹਰਿਆਣਾ, ਪੰਜਾਬ ਅਤੇ ਮੱਧ ਪ੍ਰਦੇਸ਼ ਸਮੇਤ ਕਿਸੇ ਵੀ ਸੂਬੇ 'ਚ ਦਿੱਲੀ ਵਰਗੇ ਸਕੂਲ ਨਹੀਂ ਬਣੇ। ਉਨ੍ਹਾਂ ਕਿਹਾ ਕਿ ਪੰਜਾਬ 'ਚੋਂ ਅਕਾਲੀ ਦਲ ਅਤੇ ਭਾਜਪਾ ਨੂੰ ਲੋਕ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ।

ਕੈਪਟਨ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਲੋਕਾਂ ਅੰਦਰ ਬੇਹੱਦ ਗੁੱਸਾ ਹੈ। ਕੇਜਰੀਵਾਲ ਨੇ ਪਾਰਟੀ ਦੇ ਅਹੁਦੇਦਾਰਾਂ ਨਾਲ ਸਵਾਲ-ਜਵਾਬ ਸੈਸ਼ਨ ਕੀਤਾ। 'ਆਪ' ਲੀਡਰਸ਼ਿਪ ਨੇ ਫ਼ੈਸਲਾ ਲਿਆ ਕਿ ਲੋਕ ਸਭਾ ਚੋਣਾਂ ਦੌਰਾਨ 7,000 ਪਿੰਡਾਂ 'ਚ 'ਆਪ' ਦੀ ਕਮਾਨ ਉਨ੍ਹਾਂ ਪੰਚਾਂ, ਸਰਪੰਚਾਂ ਅਤੇ ਸਮਰਥਕਾਂ ਨੂੰ ਦਿਤੀ ਜਾਵੇਗੀ ਜਿਹੜੇ ਪਾਰਟੀ ਦੇ ਅਹੁਦੇਦਾਰ ਅਤੇ ਸਮਰਥਕ ਪੰਚਾਇਤੀ ਚੋਣਾਂ ਜਿੱਤੇ ਹਨ। ਬੈਠਕ ਦੌਰਾਨ ਬੂਥ ਪੱਧਰ 'ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਬਣਾਈ ਗਈ। ਇਸ ਮੌਕੇ ਹਰ ਬੂਥ ਲਈ 20 ਵਲੰਟੀਅਰਾਂ ਦਾ ਟੀਚਾ ਦਿਤਾ ਗਿਆ। ਮੀਟਿੰਗ ਵਿਚ ਭਗਵੰਤ ਮਾਨ ਵੀ ਮੌਜੂਦ ਸਨ।