ਬੁਲੰਦਸ਼ਹਿਰ ਹਿੰਸਾ : ਮੁੱਖ ਮੁਲਜ਼ਮ ਯੋਗੇਸ਼ ਰਾਜ ਗ੍ਰਿਫ਼ਤਾਰ
ਬੁਲੰਦਸ਼ਹਿਰ ਹਿੰਸਾ ਦੇ ਮੁੱਖ ਮੁਲਜ਼ਮ ਯੋਗੇਸ਼ ਰਾਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ.......
ਮੇਰਠ (ਉੱਤਰ ਪ੍ਰਦੇਸ਼) : ਬੁਲੰਦਸ਼ਹਿਰ ਹਿੰਸਾ ਦੇ ਮੁੱਖ ਮੁਲਜ਼ਮ ਯੋਗੇਸ਼ ਰਾਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਭੀੜ ਦੀ ਹਿੰਸਾ 'ਚ ਇਕ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਬਜਰੰਗ ਦਲ ਦਾ ਸਥਾਨਕ ਕਨਵੀਨਰ ਯੋਗੇਸ਼ ਰਾਜ ਪਿਛਲੇ ਸਾਲ ਤਿੰਨ ਦਸੰਬਰ ਨੂੰ ਸਿਆਨਾ ਤਹਿਸੀਲ 'ਚ ਹੋਈ ਹਿੰਸਾ ਮਗਰੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਬੁੱਧਵਾਰ ਦੀ ਰਾਤ ਲਗਭਗ 11:30 ਵਜੇ ਹਾਈਵੇ 'ਤੇ ਖੁਜਰਾ ਟੀ-ਪੁਆਇੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਬਜਰੰਗ ਦਲ ਨੇ ਕਿਹਾ ਕਿ ਉਹ ਰਾਜ ਦੇ ਨਾਲ ਹੈ ਅਤੇ ਉਸ ਨੂੰ ਕਾਨੂੰਨੀ ਮਦਦ ਮੁਹਈਆ ਕਰਵਾਏਗਾ। ਬੁੱਧਵਾਰ ਦੀ ਸਵੇਰ ਹਿੰਸਾ ਦੇ ਮੁਲਜ਼ਮ ਸਤੀਸ਼, ਵਿਨੀਤ ਅਤੇ ਗਊਕੁਸ਼ੀ ਮਾਮਲ 'ਚ ਮੁਲਜ਼ਮ ਅਜ਼ਹਰ ਨੇ ਬੁਲੰਦਸ਼ਹਿਰ ਦੀ ਸਥਾਨਕ ਅਦਾਲਤ 'ਚ ਆਤਮਸਮਰਪਣ ਕਰ ਦਿਤਾ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਕਤਲ ਦੇ ਮਾਮਲੇ 'ਚ ਪ੍ਰਸ਼ਾਂਤ ਨਟ ਅਤੇ ਕਲੂਆ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵਲੋਂ ਦਰਜ ਕਰਵਾਈ ਐਫ਼.ਆਈ.ਆਰ. 'ਚ ਯੋਗੇਸ਼ ਰਾਜ ਮੁਲਜ਼ਮ ਨੰਬਰ ਇਕ ਸੀ। (ਪੀਟੀਆਈ)