ਨਨਕਾਣਾ ਸਾਹਿਬ ਵਿਖੇ ਹੋਈ ਹਿੰਸਾ 'ਤੇ ਰਾਜਨੀਤੀ ਵੀ ਹੋਈ ਸ਼ੁਰੂ, BJP ਨੇ ਕਾਂਗਰਸ ਨੂੰ ਲਿਆ ਘੇਰੇ 'ਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਰਾਰਤੀਆਂ ਵੱਲੋਂ ਬੀਤੇ ਦਿਨ ਨਨਕਾਣਾ ਸਾਹਿਬ ਵਿਖੇ ਕੀਤੀ ਗਈ ਸੀ ਹਿੰਸਾ

File Photo

ਨਵੀਂ ਦਿੱਲੀ : ਬੀਤੇ ਦਿਨ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਦੇ ਬਾਹਰ ਸ਼ਰਾਰਤੀਆਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਅਤੇ ਹਿੰਸਾ ਤੋਂ ਬਾਅਦ ਸਿਆਸਤ ਵੀ ਸ਼ੁਰੂ ਹੋ ਗਈ ਹੈ ਜਿਸ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਉੱਤੇ ਵੱਡਾ ਹਮਲਾ ਬੋਲਿਆ ਹੈ ਅਤੇ ਕਿਹਾ ਹੈ ਕਿ ਕਾਂਗਰਸ ਨੂੰ ਘੱਟ ਗਿਣਤੀਆਂ 'ਤੇ ਹੁੰਦੇ ਜ਼ੁਲਮ ਦੇ ਕਿੰਨੇ ਸਬੂਤ ਚਾਹੀਦੇ ਹਨ।

ਦਰਅਸਲ ਬੀਤੇ ਦਿਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਕੁੱਝ ਸ਼ਰਾਰਤੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਸਿੱਖਾਂ ਨਾਲ ਕੁੱਟਮਾਰ ਵੀ ਕੀਤੀ ਗਈ। ਸ਼ਰਾਰਤੀਆਂ ਨੇ ਨਨਕਾਣਾ ਸਾਹਿਬ ਨੂੰ ਢਾਹ ਕੇ ਮਸਜਿਦ ਬਣਾਉਣ ਅਤੇ ਨਨਕਾਣਾ ਸਾਹਿਬ ਨਾਮ ਬਦਲ ਕੇ ਗੁਲਾਮ ਏ ਮੁਸਤਫਾ ਰੱਖਣ ਦੀ ਚੇਤਾਵਨੀ ਦਿੱਤੀ ਸੀ  ਜਿਸ ਨੂੰ ਲੈ ਕੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ 'ਤੇ ਨਿਸ਼ਾਨ ਸਾਧਿਆ ਹੈ।

ਪਾਤਰਾ ਨੇ ਇਹ ਨਿਸ਼ਾਨਾ ਕਾਂਗਰਸ ਦੇ ਸੀਏਏ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨਾ ਨੂੰ ਢਾਲ ਬਣਾ ਕੇ ਸਾਧਿਆ ਹੈ। ਸੰਬਿਤ ਪਾਤਰਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਪਕਿਸਤਾਨ ਵਿਚ ਸਾਡੇ ਸਿੱਖ ਭਰਾਵਾਂ ਨੂੰ ਇਸਲਾਮ ਦੇ ਨਾਮ 'ਤੇ ਨਨਕਾਣਾ ਸਾਹਿਬ ਵਿਚ ਇਕ ਵੀ ਸਿੱਖ ਨਾਂ ਰਹਿਣ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਕਾਂਗਰਸੀਆਂ ਨੂੰ ਘੱਟ ਗਿਣਤੀਆਂ 'ਤੇ ਕੀਤੇ ਜਾ ਰਹੇ ਜ਼ੁਲਮਾ ਦਾ ਹੋਰ ਸਬੂਤ ਚਾਹੀਦਾ ਹੈ?'' ਉਨ੍ਹਾਂ ਨੇ ਅੱਗੇ ਰਾਹੁਲ ਗਾਂਧੀ ਅਤੇ ਪ੍ਰਿੰਅਕਾ ਗਾਂਧੀ ਨੂੰ ਟੈਗ ਕਰਦੇ ਹੋਏ ਲਿਖਿਆ ਕਿ ''ਤੁਹਾਡੇ ਲਈ ਇਹ ਸਬੂਤ ਹੀ ਕਾਫੀ ਹੈ''।

ਦੱਸ ਦਈਏ ਕਿ ਕਾਂਗਰਸ ਅਤੇ ਕਈ ਹੋਰ ਵਿਰੋਧੀ ਰਾਜਨੀਤਿਕ ਪਾਰਟੀਆਂ ਸੀਏਏ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਕਾਨੂੰਨ ਅਧੀਨ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਾਰਮਿਕ ਯਾਤਨਾਵਾਂ ਝੱਲ ਕੇ ਆਏ ਹਿੰਦੂ, ਸਿੱਖ, ਈਸਾਈ, ਜੈਨ, ਬੋਧੀ ਅਤੇ ਪਾਰਸੀਆਂ ਨੂੰ ਨਾਗਰਿਕਤਾ ਮਿਲ ਸਕੇਗੀ।

ਪਾਕਿਸਤਾਨ ਵਿਚ ਸਿੱਖਾਂ ਵਿਰੁੱਧ ਹੋਈ ਘਟਨਾ ਨੇ ਭਾਜਪਾ ਨੂੰ ਵੀ ਰਾਜਨੀਤੀ ਕਰਨ ਅਤੇ ਵਿਰੋਧੀਆਂ ਨੂੰ ਅੜਿੱਕੇ ਵਿਚ ਲੈਣ ਦਾ ਮੌਕਾ ਦੇ ਦਿੱਤਾ ਹੈ। ਪਰ ਦੂਜੇ ਪਾਸੇ ਨਨਕਾਣਾ ਸਾਹਿਬ ਵਿਚ ਹੋਏ ਹਿੰਸਕ ਪ੍ਰਦਰਸ਼ਨਾ ਦੀ ਭਾਰਤ ਸਰਕਾਰ ਨੇ ਸਖ਼ਤ ਨਿਖੇਧੀ ਵੀ ਕੀਤੀ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਸਿੱਖਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।  

ਕੌਣ ਸਨ ਇਹ ਪ੍ਰਦਰਸ਼ਨਕਾਰੀਆਂ

ਦਰਅਸਲ ਇਨ੍ਹਾਂ ਹਿੰਸਾ ਕਰਨ ਵਾਲੇ ਇਹ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਰਾਣਾ ਮਨਸੂਰ ਕਰ ਰਿਹਾ ਸੀ। ਰਾਣਾ ਮਨਸੂਰ ਮਹੁੰਮਦ ਅਹਿਸਨ ਦਾ ਰਿਸ਼ਤੇਦਾਰ ਹੈ। ਮਹੁੰਮਦ ਅਹਿਸਨ ਉਹੀਂ ਵਿਅਕਤੀ ਹੈ ਜਿਸ ਨਾਲ ਕੁੱਝ ਸਮਾਂ ਪਹਿਲਾਂ ਸਿੱਖ ਲੜਕੀ ਜਗਜੀਤ ਕੌਰ ਦਾ ਦਾ ਨਿਕਾਹ ਹੋਇਆ ਸੀ ਅਤੇ ਆਰੋਪ ਇਹ ਲੱਗਿਆ ਸੀ ਕਿ ਨਿਕਾਹ ਜਬਰਦਸ਼ਤੀ ਧਰਮ ਤਬਦੀਲ ਕਰਕੇ ਕਰਾਇਆ ਗਿਆ ਸੀ ਜਿਸ ਉੱਤੇ ਕਾਫੀ ਵਿਵਾਦ ਵੀ ਹੋਇਆ ਸੀ। ਇਸ ਘਟਨਾ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਮਾਹੌਲ ਖਰਾਬ ਹੋਣ ਤੋਂ ਬਚਾਉਣ ਅਤੇ ਉੱਥੇ ਵਸਦੇ ਸਿੱਖਾਂ ਵਿਚ ਬਿਗਾਨਾਪਨ ਖਤਮ ਕਰਨ ਲਈ ਲੜਕੀ ਨੂੰ ਸ਼ੈਲਟਰ ਹੋਮ ਭੇਜ ਦਿੱਤਾ ਸੀ ਅਤੇ ਲੜਕੀ 'ਤੇ ਵਾਪਸ ਸਿੱਖ ਧਰਮ ਅਪਣਾਉਣ ਅਤੇ ਆਪਣੇ ਪਰਿਵਾਰ ਕੋਲ ਵਾਪਸ ਜਾਣ ਲਈ ਜੋਰ ਪਾ ਰਹੀ ਸੀ। ਜਿਸ ਦੇ ਵਿਰੋਧ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਨਨਕਾਣਾ ਸਾਹਿਬ ਵਿਖੇ ਹਿੰਸਾ ਕੀਤੀ।