ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ ਗੱਲਬਾਤ ਦਾ ਦਿਨ,ਨਿਕਲੇਗਾ ਕੋਈ ਹੱਲ ਜਾਂ ਜਾਰੀ ਰਹੇਗਾ ਧਰਨਾ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਜਥੇਬੰਦੀਆਂ ਨੂੰ ਭੜਕਾਉਣ ਵਾਲੇ ਕੁਝ ਨੇਤਾ ਅਤੇ ਗੈਰ ਸਰਕਾਰੀ ਸੰਗਠਨ ਗੱਲਬਾਤ ਦੀ ਸਫਲਤਾ ਵਿੱਚ ਰੁਕਾਵਟ ਬਣ ਸਕਦੇ ਹਨ।

farmer meeting

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ ਵੀ ਜਾਰੀ ਹੈ ਅਤੇ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਦੀ ਵਾਪਸੀ ਮੰਗ ਕਰ ਰਹੇ ਹਨ। ਇਸੇ ਵਿਚਾਲੇ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਵਿਚਾਲੇ 7ਵੇਂ ਗੇੜ ਦੀ ਗੱਲਬਾਤ ਹੋਵੇਗੀ। ਇਹ ਬੈਠਕ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਵੇਗੀ। ਅੱਜ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਰਮਿਆਨ ਮੁੜ ਗੱਲਬਾਤ ਦਾ ਦਿਨ ਹੈ। 

ਕਿਸਾਨ ਲਈ ਅੱਜ ਸੋਮਵਾਰ ਦਾ ਦਿਨ ਬਹੁਤ ਅਹਿਮ ਹੈ। ਸੋਮਵਾਰ ਨੂੰ ਦੋਵੇਂ ਧਿਰਾਂ ਸਰਬਸੰਮਤੀ ਨਾਲ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਦੱਸ ਦਈਏ ਕਿ ਇਹ ਗੱਲਬਾਤ ਦਾ ਸੱਤਵਾਂ ਦੌਰ ਹੋਵੇਗਾ ਜਿਸ ਵਿੱਚ ਕਿਸਾਨ ਜਥੇਬੰਦੀਆਂ ਨੂੰ ਭੜਕਾਉਣ ਵਾਲੇ ਕੁਝ ਨੇਤਾ ਅਤੇ ਗੈਰ ਸਰਕਾਰੀ ਸੰਗਠਨ ਗੱਲਬਾਤ ਦੀ ਸਫਲਤਾ ਵਿੱਚ ਰੁਕਾਵਟ ਬਣ ਸਕਦੇ ਹਨ।

ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਿੰਘੂ ਬਾਰਡਰ ਵਿਖੇ ਹੋਈ ਮੀਟਿੰਗ 'ਚ ਇਹ ਗੱਲ ਮੁੜ ਦੁਹਰਾਈ ਗਈ ਕਿ ਮੀਟਿੰਗ ਵਿਚ ਗੱਲਬਾਤ ਮੁੱਖ ਤੌਰ 'ਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੇ ਖੇਤੀ ਜਿਣਸਾਂ ਦੀ ਖ਼ਰੀਦ ਯਕੀਨੀ ਤੇ ਸਮਰਥਨ ਮੁੱਲ ਉੱਪਰ ਕੀਤੇ ਜਾਣ ਨੂੰ ਕਾਨੂੰਨੀ ਰੂਪ ਦਿੱਤੇ ਜਾਣ ਉੱਪਰ ਹੀ ਹੋਵੇਗੀ।

ਬੀਤੇ ਦਿਨੀ ਕਿਸਾਨ ਅੰਦੋਲਨ ਦਾ ਤਾਲਮੇਲ ਕਰ ਰਹੀ 7 ਮੈਂਬਰੀ ਤਾਲਮੇਲ ਕਮੇਟੀ ਵਲੋਂ ਸ਼ਨੀਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਗਿਆ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਦਿੱਲੀ ਦੇ ਆਸ ਪਾਸ ਮੋਰਚਿਆਂ ਵਿੱਚ ਕਿਸਾਨ 26 ਜਨਵਰੀ ਨੂੰ ਦਿੱਲੀ 'ਚ ਦਾਖਲ ਹੋਕੇ ਟਰੈਕਟਰ ਟਰਾਲੀ ਅਤੇ ਹੋਰ ਵਾਹਨਾਂ ਦੇ ਨਾਲ "ਕਿਸਾਨ ਗਣਤੰਤਰ ਪਰੇਡ" ਕਰਨਗੇ।

ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਉਮੀਦ ਜਤਾਈ ਕਿ ਪ੍ਰਸਤਾਵਿਤ ਗੱਲਬਾਤ ਦਾ ਹੱਲ ਨਿਕਲ ਸਕਦਾ ਹੈ। ਨਾਲ ਹੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਡਟੇ ਹੋਏ ਹਨ।