ਸੰਬੰਧ ਖ਼ਤਮ ਕਰਨ 'ਤੇ ਵਿਅਕਤੀ ਨੇ ਲੜਕੀ ਦੇ ਮਾਰਿਆ ਚਾਕੂ, ਗ੍ਰਿਫ਼ਤਾਰ
ਸੀ.ਸੀ.ਟੀ.ਵੀ. 'ਚ ਕੈਦ ਹੋਈ ਵਾਰਦਾਤ
ਨਵੀਂ ਦਿੱਲੀ - ਇੱਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਦਿੱਲੀ ਪੁਲਿਸ ਨੇ ਇੱਕ 22 ਸਾਲਾ ਵਿਅਕਤੀ ਨੂੰ ਉੱਤਰ ਪੱਛਮੀ ਦਿੱਲੀ ਦੇ ਆਦਰਸ਼ ਨਗਰ ਵਿੱਚ ਇੱਕ 21 ਸਾਲਾ ਲੜਕੀ ਨੂੰਕਥਿਤ ਤੌਰ 'ਤੇ ਚਾਕੂ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਗਿਆ ਹੈ ਕਿ ਮੁਲਜ਼ਮ ਨੇ ਲੜਕੀ ਵੱਲੋਂ ਉਸ ਨਾਲ ਸੰਬੰਧ ਖ਼ਤਮ ਕਰਨ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਡਿਪਟੀ ਪੁਲੀਸ ਕਮਿਸ਼ਨਰ (ਉੱਤਰ ਪੱਛਮੀ) ਊਸ਼ਾ ਰੰਗਨਾਨੀ ਨੇ ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ (22) ਵਾਸੀ ਆਦਰਸ਼ ਨਗਰ ਵਜੋਂ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ 2 ਜਨਵਰੀ ਨੂੰ ਪ੍ਰਾਪਤ ਹੋਈ ਸੀ, ਅਤੇ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਗੱਡੀ ਚਲਾਉਣੀ ਸਿੱਖਣ ਲਈ ਜਾ ਰਹੀ ਸੀ ਜਦੋਂ ਸਿੰਘ ਉਸ ਨੂੰ ਇੱਕ ਗਲੀ ਵਿੱਚ ਲੈ ਗਿਆ ਅਤੇ ਉਸ ਨੂੰ ਪੁੱਛਿਆ ਕਿ ਉਸ ਨੇ ਉਸ ਨਾਲ ਰਿਸ਼ਤਾ ਕਿਉਂ ਖਤਮ ਕੀਤਾ।
ਪੁਲਿਸ ਨੇ ਦੱਸਿਆ ਕਿ ਲੜਕੀ ਨੇ ਇਹ ਰਿਸ਼ਤਾ ਇਸ ਕਰਕੇ ਖ਼ਤਮ ਕਰ ਦਿੱਤਾ ਸੀ ਕਿਉਂਕਿ ਉਸ ਦੇ ਪਰਿਵਾਰ ਨੇ ਇਸ 'ਤੇ ਇਤਰਾਜ਼ ਕੀਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਸ ਨੇ ਸਿੰਘ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਜਦੋਂ ਲੜਕੀ ਨੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਹੁਣ ਗੱਲ ਨਹੀਂ ਕਰੇਗੀ, ਤਾਂ ਸਿੰਘ ਨੇ ਕਥਿਤ ਤੌਰ 'ਤੇ ਉਸ ਨੂੰ ਕਈ ਵਾਰ ਚਾਕੂ ਮਾਰ ਦਿੱਤਾ ਅਤੇ ਫ਼ਰਾਰ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਔਰਤ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਤਕਨੀਕੀ ਨਿਗਰਾਨੀ ਦੀ ਮਦਦ ਨਾਲ ਸਿੰਘ ਨੂੰ ਹਰਿਆਣਾ ਦੇ ਅੰਬਾਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।