ਨਵਾਂ ਸਾਲ ਸਵੱਛਤਾ ਨਾਲ ਮੁਹਿੰਮ ਦਾ ਨਗਰ ਨਿਗਮ ਅਬੋਹਰ ਤੋਂ ਆਗਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮਿਸ਼ਨਰ ਨਗਰ ਨਿਗਮ ਵੱਲੋਂ ਖੁਦ ਝਾੜੂ ਲਗਾ ਕੇ ਇਸ ਸਵੱਛਤਾ ਮੁਹਿੰਮ ਵਿੱਚ ਪਾਇਆ ਗਿਆ ਯੋਗਦਾਨ

photo

 

ਅਬੋਹਰ: ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਨੇ ਨਵਾਂ ਸਾਲ 2023 ਸਵੱਛਤਾ ਨਾਲ ਮੁਹਿੰਮ ਦੀ ਸ਼ੁਰੂਆਤ ਅੱਜ ਨਗਰ ਨਿਗਮ ਅਬੋਹਰ ਤੋਂ ਕਮਿਸ਼ਨਰ ਨਗਰ ਨਿਗਮ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਹਰੀ ਝੰਡੀ ਦੇ ਕੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਰਵਾਨਾ ਕੀਤਾ ਤੇ ਖੁਦ ਝਾੜੂ ਲਗਾ ਕੇ ਇਸ ਸਵੱਛਤਾ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਗਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ-ਸੁਥਰਾ ਰੱਖਣਾ ਸਾਡਾ ਸਭ ਦੀ ਡਿਊਟੀ ਤੇ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਸਾਫ-ਸੁਥਰਾ ਤੇ ਬਿਮਾਰੀਆਂ ਮੁਕਤ ਵਾਤਾਵਰਣ ਮੁਹੱਈਆ ਕਰਵਾਈਏ ਤੇ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਇਸ ਸਫਾਈ ਪੰਦਰਵਾੜੇ ਵਿੱਚ ਆਪਣਾ ਯੋਗਦਾਨ ਪਾਉਣ ਤੋਂ ਇਲਾਵਾ ਸਹਿਰ ਅਤੇ ਆਪਣੇ ਆਲੇ ਦੁਆਲੇ ਗੰਦ ਨਾ ਪਾਈਏ। ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਤਹਿਤ ਵਿਸ਼ੇਸ਼ ਤੋਰ ਤੇ ਸਹਿਰ ਦੀਆਂ ਸੜਕਾਂ ਦੇ ਕਿਨਾਰਿਆਂ, ਵਾਰਡਾਂ, ਗਲੀਆਂ ਆਦਿ ਦੀ ਸਾਫ-ਸਫਾਈ ਨੂੰ ਤਰਜੀਹ ਦੇਣਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾਵਾਂ ਨੂੰ ਵੇਖਦੇ ਹੋਏ ਨਗਰ ਨਿਗਮ ਅਬੋਹਰ ਵੱਲੋਂ ਸਪੈਸਲ ਟੀਮਾਂ ਲਗਾ ਕੇ ਸਹਿਰ ਦੀ ਸਾਫ ਸਫਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਬੋਹਰ ਵੱਲੋਂ ਡੋਰ ਟੂ ਡੋਰ ਕੂੜਾ ਚੁਕਣ ਲਈ ਤਿਆਰ ਕੀਤੇ ਵਹੀਕਲ (ਟਿੱਪਰਾਂ) ਲੋਕਾਂ ਦੇ ਘਰਾਂ ਤੱਕ ਪਹੁੰਚਣਗੇ। ਲੋਕ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਗਿੱਲਾ ਤੇ ਸੁੱਕਾ ਕੂੜਾ ਅਲਗ-ਅਲਗ ਰੱਖਣ ਤੇ ਅਲੱਗ-ਅਲੱਗ ਕੂੜਾ ਹੀ ਵਹੀਕਲਾਂ ਵਿਚ ਪਾਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੰਦਰਵਾੜੇ ਨੂੰ ਸਫਲ ਬਣਾਉਂਦੇ ਹੋਏ ਸਫਾਈ ਸੇਵਕਾਂ ਦਾ ਸਹਿਯੋਗ ਦਿੱਤਾ ਜਾਵੇ ਅਤੇ ਸਾਫ-ਸਫਾਈ ਰੱਖਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਸੁਪਰਡੈਂਟ ਇੰਜੀਨੀਅਰ ਸੰਦੀਪ ਗੁਪਤਾ, ਐਸ.ਡੀ.ਓ ਅਭਿਨਵ ਜੈਨ ਤੇ ਲਵਦੀਪ ਸਿੰਘ, ਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ ਤੇ ਕਰਤਾਰ ਸਿੰਘ ਸਮੇਤ ਤੋਂ ਇਲਾਵਾ ਸਮਾਜ ਸੇਵੀ ਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।