ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ, ਪਰ ਮੋਦੀ ਸਰਕਾਰ ਦੀ ਲੁੱਟ ਨਹੀਂ ਰੁਕ ਰਹੀ: ਖੜਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

“ਦੇਸ਼ ਭਾਜਪਾ ਦੇ ‘ਅੱਛੇ ਦਿਨ’ ਦੇ ਝੂਠੇ ਭਾਸ਼ਣਾਂ ਅਤੇ ਖੋਖਲੇ ਇਸ਼ਤਿਹਾਰਾਂ ਵਿਚ... 50 ਸਾਲਾਂ ਵਿਚ ਸਭ ਤੋਂ ਘੱਟ ਹੋਈ ‘ਜਨਤਾ ਦੀ ਬੱਚਤ’ ਦਾ ਹਿਸਾਬ ਲੱਭ ਰਿਹਾ ਹੈ।’’

Mallikarjun Kharge

ਨਵੀਂ ਦਿੱਲੀ  : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦੇ ਬਾਵਜੂਦ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਨਾ ਕਰਨ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਖੜਗੇ ਨੇ ‘ਐਕਸ’ ’ਤੇ ਇਕ ਚਾਰਟ ਵੀ ਪੋਸਟ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ 19 ਮਹੀਨਿਆਂ ਵਿਚ 31 ਫ਼ੀ ਸਦੀ ਦੀ ਗਿਰਾਵਟ ਆਈ ਹੈ ਪਰ ਮੰਤਰੀ ਦਾ ਕਹਿਣਾ ਹੈ ਕਿ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਕਮੀ ਨਹੀਂ ਹੋਵੇਗੀ। 

ਕਾਂਗਰਸ ਪ੍ਰਧਾਨ ਨੇ ਅਪਣੀ ਪੋਸਟ ਵਿਚ ਕਿਹਾ, ‘‘ਕੱਚੇ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਪਰ ਮੋਦੀ ਸਰਕਾਰ ਦੀ ਲੁੱਟ ਬੰਦ ਨਹੀਂ ਹੋ ਰਹੀ। ਮੋਦੀ ਜੀ ਦੇ ਮੰਤਰੀ ਕਹਿ ਰਹੇ ਹਨ ਕਿ ‘ਭਾਰ ਘਟਾਉਣ ਬਾਰੇ ਤੇਲ ਕੰਪਨੀਆਂ ਨਾਲ ਕੋਈ ਗੱਲਬਾਤ ਨਹੀਂ ਹੋਈ।’ ਤੇਲ ਕੰਪਨੀਆਂ ਪ੍ਰਤੀ ਲੀਟਰ ਪਟਰੌਲ ’ਤੇ ਲੋਕਾਂ ਤੋਂ ਅੱਠ ਤੋਂ ਦਸ ਰੁਪਏ ਅਤੇ ਡੀਜ਼ਲ ’ਤੇ ਤਿੰਨ ਤੋਂ ਚਾਰ ਰੁਪਏ ਦਾ ਮੁਨਾਫ਼ਾ ਕਮਾ ਰਹੀਆਂ ਹਨ। ਖੜਗੇ ਨੇ ਕਿਹਾ, “ਦੇਸ਼ ਭਾਜਪਾ ਦੇ ‘ਅੱਛੇ ਦਿਨ’ ਦੇ ਝੂਠੇ ਭਾਸ਼ਣਾਂ ਅਤੇ ਖੋਖਲੇ ਇਸ਼ਤਿਹਾਰਾਂ ਵਿਚ... 50 ਸਾਲਾਂ ਵਿਚ ਸਭ ਤੋਂ ਘੱਟ ਹੋਈ ‘ਜਨਤਾ ਦੀ ਬੱਚਤ’ ਦਾ ਹਿਸਾਬ ਲੱਭ ਰਿਹਾ ਹੈ।’’