Blinkit Ambulance Service: ਬਲਿੰਕਿਟ ਨੇ ਸ਼ੁਰੂ ਕੀਤੀ ਐਂਬੂਲੈਂਸ ਸੇਵਾ, ਕੇਂਦਰੀ ਮੰਤਰੀ ਨੇ ਕਿਹਾ, ਕਾਨੂੰਨ ਦੀ ਪਾਲਣਾ ਕਰਨੀ ਪਵੇਗੀ
10 ਮਿੰਟਾਂ ਵਿੱਚ ਮਰੀਜ਼ ਤਕ ਪਹੁੰਚਣ ਦਾ ਕੀਤਾ ਦਾਅਵਾ
Blinkit 10 Minute Ambulance Service: ਬਲਿੰਕਿਟ ਨੇ ਗੁੜਗਾਓਂ ਵਿੱਚ ਐਂਬੂਲੈਂਸ ਸੇਵਾ ਸ਼ੁਰੂ ਕੀਤੀ। ਜਿਹੜੀ 10 ਮਿੰਟ ਵਿਚ ਪੀੜਤ ਕੋਲ ਪਹੁੰਚ ਜਾਇਆ ਕਰੇਗੀ। ਫਾਸਟ ਡਿਲੀਵਰੀ ਐਪ ਬਲਿੰਕਿਟ ਨੇ ਵੀਰਵਾਰ ਤੋਂ ਗੁੜਗਾਓਂ ਦੇ ਚੋਣਵੇਂ ਖੇਤਰਾਂ ਵਿੱਚ ਇਹ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਬਲਿੰਕਿਟ ਦੇ ਸੰਸਥਾਪਕ ਅਤੇ ਸੀਈਓ ਅਲਬਿੰਦਰ ਢੀਂਡਸਾ ਨੇ ਕਿਹਾ, 'ਇਸ ਸੇਵਾ ਦਾ ਉਦੇਸ਼ ਮੁਨਾਫ਼ਾ ਕਮਾਉਣਾ ਨਹੀਂ ਹੈ। ਅਸੀਂ ਇਸ ਸੇਵਾ ਨੂੰ ਗਾਹਕਾਂ ਲਈ ਇੱਕ ਕਿਫ਼ਾਇਤੀ ਦਰਾਂ 'ਤੇ ਚਲਾਵਾਂਗੇ ਅਤੇ ਲੰਬੇ ਸਮੇਂ ਵਿਚ ਦੇਸ਼ ਵਿਚ ਐਂਬੂਲੈਂਸਾਂ ਦੀ ਗ਼ੈਰ-ਉਪਲਬਧਤਾ ਦੀ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਨਿਵੇਸ਼ ਕਰਾਂਗੇ।"
ਬਲਿੰਕਿਟ ਦੇ ਸੀਈਓ ਅਲਬਿੰਦਰ ਢੀਂਡਸਾ ਨੇ ਪੋਸਟ ਵਿਚ ਲਿਖਿਆ, 'ਅਸੀਂ ਭਾਰਤੀ ਸ਼ਹਿਰਾਂ ਵਿਚ ਤੇਜ਼ ਅਤੇ ਭਰੋਸੇਮੰਦ ਐਂਬੂਲੈਂਸ ਸੇਵਾ ਪ੍ਰਦਾਨ ਕਰਨ ਲਈ ਕਦਮ ਚੁੱਕ ਰਹੇ ਹਾਂ। ਗੁਰੂਗ੍ਰਾਮ 'ਚ ਸੜਕਾਂ 'ਤੇ ਟ੍ਰਾਇਲ ਲਈ ਪਹਿਲੀਆਂ 5 ਐਂਬੂਲੈਂਸਾਂ ਸ਼ੁਰੂ ਕੀਤੀਆਂ ਗਈਆਂ ਹਨ। ਅਸੀਂ ਇਸ ਸੇਵਾ ਦਾ ਹੋਰ ਖੇਤਰਾਂ ਵਿਚ ਵੀ ਵਿਸਥਾਰ ਕਰਾਂਗੇ, ਪੀੜਤ ਨੂੰ Letsblinkit ਐਪ ਨਾਲ ਸੰਪਰਕ ਕਰਨਾ ਪਵੇਗਾ।
ਬਲਿੰਕਿਟ ਕੰਪਨੀ ਅਗਲੇ ਦੋ ਸਾਲਾਂ ਵਿਚ ਸੇਵਾ ਨੂੰ ਵਧਾਉਣ ਅਤੇ ਇਸ ਨੂੰ ਸਾਰੇ ਵੱਡੇ ਸ਼ਹਿਰਾਂ ਵਿੱਚ ਫੈਲਾਉਣ ਦੀ ਯੋਜਨਾ ਬਣਾ ਰਹੀ ਹੈ। ਅਜੇ ਤਕ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਕੀ ਤੇਜ਼ ਵਣਜ ਕੰਪਨੀ ਬਲਿੰਕਿਟ ਇਹ ਸੇਵਾ ਪ੍ਰਦਾਨ ਕਰਨ ਲਈ ਹਸਪਤਾਲਾਂ ਨਾਲ ਸਮਝੌਤਾ ਕਰੇਗੀ ਜਾਂ ਇਸ ਦਾ ਇਹ ਮਾਡਲ ਕਿਵੇਂ ਕੰਮ ਕਰੇਗਾ। ਇਹ ਸੇਵਾ ਫਿਲਹਾਲ ਟ੍ਰਾਇਲ 'ਤੇ ਹੈ ਅਤੇ 5 ਐਂਬੂਲੈਂਸਾਂ ਨਾਲ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਹੁਣ ਤਕ ਐਂਬੂਲੈਂਸਾਂ ਬੁਨਿਆਦੀ ਮੈਡੀਕਲ ਉਪਕਰਣਾਂ ਨਾਲ ਲੈਸ ਹਨ।
ਬਲਿੰਕਿਟ ਨੂੰ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ - ਪੀਯੂਸ਼ ਗੋਇਲ
ਵਣਜ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਲਿੰਕਿਟ ਦੀ ਐਂਬੂਲੈਂਸ ਸੇਵਾ ਲਈ ਉਨ੍ਹਾਂ ਦੀ ਇੱਕੋ ਇੱਕ ਮੰਗ ਹੈ ਕਿ ਤੇਜ਼ ਵਣਜ ਕੰਪਨੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰੇ।
ਕੇਂਦਰੀ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਤੋਂ ਇਲਾਵਾ ਹੋਰ ਕਾਨੂੰਨੀ ਲੋੜਾਂ ਦਾ ਵੀ ਸਹੀ ਢੰਗ ਨਾਲ ਧਿਆਨ ਰੱਖਿਆ ਜਾਣਾ ਚਾਹੀਦਾ ਹੈ।