ਸਾਹ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਸਰਕਾਰ
ਚੀਨ ’ਚ ਐੱਚ.ਐੱਮ.ਪੀ.ਵੀ. ਦੇ ਮਾਮਲਿਆਂ ’ਚ ਅਸਧਾਰਨ ਵਾਧੇ ਤੋਂ ਕੀਤਾ ਇਨਕਾਰ
ਨਵੀਂ ਦਿੱਲੀ: ਚੀਨ ’ਚ ਇਕ ਸਾਹ ਨਾਲ ਸਬੰਧਤ ਬਿਮਾਰੀ ਹਿਊਮਨ ਮੈਟਾਨਿਊਮੋਵਾਇਰਸ (ਐੱਚ.ਐੱਮ.ਪੀ.ਵੀ.) ਦੇ ਫੈਲਣ ਦੀਆਂ ਤਾਜ਼ਾ ਰੀਪੋਰਟਾਂ ਦੇ ਮੱਦੇਨਜ਼ਰ ਭਾਰਤ ਸਾਰੇ ਉਪਲਬਧ ਸਾਧਨਾਂ ਰਾਹੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਡਬਲਯੂ.ਐਚ.ਓ. ਨੂੰ ਸਮੇਂ ਸਿਰ ਅਪਡੇਟ ਸਾਂਝਾ ਕਰਨ ਦੀ ਬੇਨਤੀ ਵੀ ਕੀਤੀ ਹੈ। ਸਿਹਤ ਮੰਤਰਾਲੇ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਮੰਤਰਾਲੇ ਨੇ ਕਿਹਾ ਕਿ ਸਾਵਧਾਨੀ ਦੇ ਉਪਾਅ ਵਜੋਂ, ਐਚ.ਐਮ.ਪੀ.ਵੀ. ਮਾਮਲਿਆਂ ਦੀ ਜਾਂਚ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ (ਆਈ.ਸੀ.ਐਮ.ਆਰ.) ਸਾਲ ਭਰ ਐਚ.ਐਮ.ਪੀ.ਵੀ. ਦੇ ਰੁਝਾਨਾਂ ਦੀ ਨਿਗਰਾਨੀ ਕਰੇਗੀ।ਮੰਤਰਾਲੇ ਨੇ ਕਿਹਾ ਕਿ ਸਿਹਤ ਸੇਵਾਵਾਂ ਡਾਇਰੈਕਟੋਰੇਟ ਜਨਰਲ ਦੀ ਪ੍ਰਧਾਨਗੀ ’ਚ ਸੰਯੁਕਤ ਨਿਗਰਾਨੀ ਸਮੂਹ (ਜੇ.ਐੱਮ.ਜੀ.) ਦੀ ਬੈਠਕ ਸਨਿਚਰਵਾਰ ਨੂੰ ਹੋਈ, ਜਿਸ ’ਚ ਸਥਿਤੀ ’ਤੇ ਚਰਚਾ ਕੀਤੀ ਗਈ।
ਮੀਟਿੰਗ ’ਚ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.), ਆਫ਼ਤ ਪ੍ਰਬੰਧਨ ਸੈੱਲ, ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈ.ਡੀ.ਐਸ.ਪੀ.), ਕੌਮੀ ਰੋਗ ਕੰਟਰੋਲ ਕੇਂਦਰ (ਐਨ.ਸੀ.ਡੀ.ਸੀ.), ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ (ਆਈ.ਸੀ.ਐਮ.ਆਰ.), ਐਮਰਜੈਂਸੀ ਮੈਡੀਕਲ ਰਿਲੀਫ (ਈ.ਐਮ.ਆਰ.) ਡਿਵੀਜ਼ਨ ਅਤੇ ਏਮਜ਼-ਦਿੱਲੀ ਸਮੇਤ ਹਸਪਤਾਲਾਂ ਦੇ ਮਾਹਰਾਂ ਨੇ ਹਿੱਸਾ ਲਿਆ।
ਵਿਸਥਾਰਤ ਵਿਚਾਰ-ਵਟਾਂਦਰੇ ਤੋਂ ਬਾਅਦ ਅਤੇ ਮੌਜੂਦਾ ਸਮੇਂ ਉਪਲਬਧ ਜਾਣਕਾਰੀ ਦੇ ਅਧਾਰ ’ਤੇ, ਇਹ ਸਹਿਮਤੀ ਬਣੀ ਕਿ ਫਲੂ ਦੇ ਚੱਲ ਰਹੇ ਮੌਸਮ ਨੂੰ ਵੇਖਦੇ ਹੋਏ ਚੀਨ ’ਚ ਸਥਿਤੀ ਅਸਧਾਰਨ ਨਹੀਂ ਹੈ।ਰੀਪੋਰਟਾਂ ਤੋਂ ਇਹ ਦਸਿਆ ਗਿਆ ਹੈ ਕਿ ਸਾਹ ਦੀਆਂ ਬਿਮਾਰੀਆਂ ’ਚ ਮੌਜੂਦਾ ਤੇਜ਼ੀ ਇਨਫਲੂਐਂਜ਼ਾ ਵਾਇਰਸ, ਆਰ.ਐਸ.ਵੀ. ਅਤੇ ਐਚ.ਐਮ.ਪੀ.ਵੀ. ਕਾਰਨ ਹੈ, ਜੋ ਇਸ ਮੌਸਮ ’ਚ ਆਮ ਕੀਟਾਣੂ ਹਨ। ਮੰਤਰਾਲੇ ਨੇ ਕਿਹਾ ਕਿ ਸਰਕਾਰ ਸਾਰੇ ਉਪਲਬਧ ਸਾਧਨਾਂ ਰਾਹੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਡਬਲਯੂ.ਐਚ.ਓ. ਨੂੰ ਚੀਨ ਦੀ ਸਥਿਤੀ ’ਤੇ ਸਮੇਂ ਸਿਰ ਅਪਡੇਟ ਕੀਤੇ ਅੰਕੜੇ ਸਾਂਝੇ ਕਰਨ ਦੀ ਬੇਨਤੀ ਕੀਤੀ ਗਈ ਹੈ।