ਨੌਜੁਆਨਾਂ ਦੇ ਬਿਹਤਰ ਭਵਿੱਖ ਲਈ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਮੁੜ ਵਿਚਾਰ ਕਰਨ ਦੀ ਲੋੜ: ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਮੁੜ ਵਿਚਾਰ ਕਰਨਾ ਅਤੇ ਸਿੱਖਿਆ ’ਤੇ ਜ਼ਿਆਦਾ ਪੈਸਾ ਖਰਚ ਕਰਨਾ ਜ਼ਰੂਰੀ ਹੈ: ਰਾਹੁਲ ਗਾਂਧੀ

Need to rethink current education system for better future of youth: Rahul Gandhi

ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਕਿਹਾ ਕਿ ਨੌਜੁਆਨਾਂ ਦੇ ਰੌਸ਼ਨ ਭਵਿੱਖ ਲਈ ਅਤੇ ਭਾਰਤ ਨੂੰ ਗਲੋਬਲ ਲੀਡਰ ਬਣਾਉਣ ਲਈ ਦੇਸ਼ ਦੀ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਮੁੜ ਵਿਚਾਰ ਕਰਨਾ ਅਤੇ ਸਿੱਖਿਆ ’ਤੇ ਜ਼ਿਆਦਾ ਪੈਸਾ ਖਰਚ ਕਰਨਾ ਜ਼ਰੂਰੀ ਹੈ।

ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਮਦਰਾਸ ਦੇ ਵਿਦਿਆਰਥੀਆਂ ਦੇ ਇਕ ਸਮੂਹ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਨਿੱਜੀਕਰਨ ਅਤੇ ਵਿੱਤੀ ਪ੍ਰੋਤਸਾਹਨਾਂ ਰਾਹੀਂ ਮਿਆਰੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸਾਬਕਾ ਕਾਂਗਰਸ ਪ੍ਰਧਾਨ ਨੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ’ਤੇ ਅਪਣੀ ਗੱਲਬਾਤ ਦਾ ਇਕ ਵੀਡੀਉ ਸਾਂਝਾ ਕੀਤਾ।

ਅਪਣੇ ਯੂ-ਟਿਊਬ ਚੈਨਲ ’ਤੇ ਵੀਡੀਉ ਪੋਸਟ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘‘ਮੈਨੂੰ ਹਾਲ ਹੀ ’ਚ ਆਈ.ਆਈ.ਟੀ. ਮਦਰਾਸ ਦੇ ਕੁੱਝ ਹੁਸ਼ਿਆਰ ਨੌਜੁਆਨਾਂ ਨਾਲ ਗੱਲਬਾਤ ਕਰਨ ਦਾ ਸੁਭਾਗ ਮਿਲਿਆ। ਇਕੱਠੇ ਮਿਲ ਕੇ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਸਫਲਤਾ ਦਾ ਅਸਲ ਅਰਥ ਕੀ ਹੈ।’’

ਉਨ੍ਹਾਂ ਕਿਹਾ, ‘‘ਅਸੀਂ ਭਾਰਤ ਦੇ ਭਵਿੱਖ ਨੂੰ ਰੂਪ ਦੇਣ ਵਿਚ ਖੋਜ ਅਤੇ ਸਿੱਖਿਆ ਦੀ ਮਹੱਤਵਪੂਰਣ ਭੂਮਿਕਾ ਅਤੇ ਇਕ ਉਤਪਾਦਨ ਵਾਤਾਵਰਣ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ’ਤੇ ਚਰਚਾ ਕੀਤੀ ਜੋ ਸਾਰਿਆਂ ਲਈ ਨਿਰਪੱਖਤਾ, ਨਵੀਨਤਾ ਅਤੇ ਮੌਕਿਆਂ ਨੂੰ ਮਹੱਤਵ ਦਿੰਦਾ ਹੈ।’’

ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਨੌਜੁਆਨਾਂ ਨੂੰ ਸਿੱਖਿਅਤ ਕਰਨ, ਬਿਹਤਰ ਕੱਲ੍ਹ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਭਾਰਤ ਨੂੰ ਵਿਸ਼ਵ ਨੇਤਾ ਬਣਾਉਣ ਲਈ ਭਾਰਤੀ ਸਿੱਖਿਆ ਪ੍ਰਣਾਲੀ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅੱਜ ਸਾਡਾ ਸਿੱਖਿਆ ਢਾਂਚਾ ਅਕਸਰ ਨੌਜੁਆਨਾਂ ਨੂੰ ਡਾਕਟਰਾਂ, ਇੰਜੀਨੀਅਰਾਂ, ਆਈ.ਏ.ਐਸ., ਆਈ.ਪੀ.ਐਸ. ਜਾਂ ਹਥਿਆਰਬੰਦ ਬਲਾਂ ਵਰਗੇ ਕੁੱਝ ਕੈਰੀਅਰਾਂ ਤਕ ਸੀਮਤ ਕਰਦਾ ਹੈ। ਇਹ ਸਮਾਂ ਵੱਖੋ-ਵੱਖ ਮੌਕਿਆਂ ਨੂੰ ਖੋਲ੍ਹਣ, ਵਿਦਿਆਰਥੀਆਂ ਨੂੰ ਨਵੀਨਤਾ ਅਤੇ ਚੋਣ ਵਲੋਂ ਪ੍ਰੇਰਿਤ ਭਵਿੱਖ ਬਣਾਉਣ ਲਈ ਸਮਰੱਥ ਬਣਾਉਣ ਦਾ ਹੈ।’’ ਉਨ੍ਹਾਂ ਕਿਹਾ ਕਿ ਸਾਨੂੰ ਸਿੱਖਿਆ ’ਤੇ ਜ਼ਿਆਦਾ ਪੈਸਾ ਖਰਚ ਕਰਨ ਅਤੇ ਸਰਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।