ਸੀਮਾਂਚਲ ਐਕਸਪ੍ਰੈੱਸ ਦੇ 11 ਡੱਬੇ ਪਟੜੀ ਤੋਂ ਉਤਰੇ, ਛੇ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਰੇਲ ਪਟੜੀ 'ਤੇ ਆਈ ਦਰਾਰ ਕਰ ਕੇ ਦਿੱਲੀ ਜਾ ਰਹੀ ਸੀਮਾਂਚਲ ਐਕਸਪ੍ਰੈੱਸ ਦੇ 11 ਡੱਬੇ ਐਤਵਾਰ ਤੜਕੇ ਪਟੜੀ ਤੋਂ ਉਤਰ ਗਏ....

Seemachal Express Accident

ਹਾਜੀਪੁਰ : ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਰੇਲ ਪਟੜੀ 'ਤੇ ਆਈ ਦਰਾਰ ਕਰ ਕੇ ਦਿੱਲੀ ਜਾ ਰਹੀ ਸੀਮਾਂਚਲ ਐਕਸਪ੍ਰੈੱਸ ਦੇ 11 ਡੱਬੇ ਐਤਵਾਰ ਤੜਕੇ ਪਟੜੀ ਤੋਂ ਉਤਰ ਗਏ। ਇਸ ਹਾਦਸੇ 'ਚ ਘੱਟ ਤੋਂ ਘੱਟ ਛੇ ਜਣਿਆਂ ਦੀ ਮੌਤ ਹੋ ਗਈ ਜਦਕਿ 29 ਹੋਰ ਜ਼ਖ਼ਮੀ ਹੋ ਗਏ। ਰੇਲਵੇ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ 12487 ਜੋਗਬਨੀ-ਆਨੰਦ ਵਿਹਾਰ ਸੀਮਾਂਚਲ ਐਕਸਪ੍ਰੈੱਸ ਦਿੱਲੀ ਜਾ ਰਹੀ ਸੀ। ਇਹ ਰੇਲਗੱਡੀ ਕਿਸ਼ਨਗੰਜ ਜ਼ਿਲ੍ਹੇ ਦੇ ਜੋਗਬਨੀ ਤੋਂ ਰਵਾਨਾ ਹੋਈ ਅਤੇ ਤੜਕੇ ਕਰੀਬ ਚਾਰ ਵਜੇ ਵੈਸ਼ਾਲੀ ਜ਼ਿਲ੍ਹੇ ਦੇ ਸਹਦੇਈ ਬਜ਼ੁਰਗ ਰੇਲਵੇ ਸਟੇਸ਼ਨ ਕੋਲ ਉਸ ਦੇ 11 ਡੱਬੇ ਪਟੜੀ ਤੋਂ ਉਤਰ ਗਏ।

ਪਹਿਲੀ ਨਜ਼ਰੇ ਇਹ ਹਾਦਸਾ ਰੇਲ ਪਟੜੀ 'ਚ ਆਈ ਦਰਾਰ ਦੇ ਚਲਦਿਆਂ ਵਾਪਰਿਆ। ਮਾਰੇ ਗਏ ਲੋਕਾਂ ਦੀ ਪਛਾਣ ਇਲਚਾ ਦੇਵੀ, ਇੰਦਾ ਦੇਵੀ, ਸ਼ਮਸੁਦੀਨ ਆਲਮ ਅੰਸਾਰ ਆਲਮ, ਸਾਹਿਦਾ ਖਾਤੂਨ ਅਤੇ ਸੁਦਰਸ਼ਨ ਦਾਸ ਵਜੋਂ ਹੋਈ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟ ਕਰਦਿਆਂ ਮਦਦ ਦਾ ਐਲਾਨ ਕੀਤਾ ਹੈ। ਗੋਇਲ ਨੇ ਦਫ਼ਤਰ 'ਚ ਟਵੀਟ ਕੀਤਾ ਹੈ ਕਿ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਪੰਜ ਲੱਖ ਰੁਪਏ ਦੀ ਮੁਆਵਜ਼ਾ ਰਕਮ ਦਿਤੀ ਜਾਵੇਗੀ। ਜਦਕਿ ਗੰਭੀਰ ਜ਼ਖ਼ਮੀਆਂ 'ਚੋਂ ਹਰ ਕਿਸੇ ਨੂੰ ਇਕ-ਇਕ ਲੱਖ ਰੁਪਏ,

ਜਦਕਿ ਘੱਟ ਜ਼ਖ਼ਮੀ ਲੋਕਾਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਹਤ ਮੁਹਿੰਮ ਤੇਜ਼ੀ ਨਾਲ ਚਲ ਰਹੀ ਹੈ ਅਤੇ ਹਾਦਸੇ ਦੀ ਜਾਂਚ ਸੀ.ਆਰ.ਐਸ. ਲਤੀਫ਼ ਖ਼ਾਨ ਕਰਨਗੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਾਦਸੇ 'ਚ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਨਾਲ ਦੁੱਖ ਪ੍ਰਗਟਾਇਆ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਯਾਦ ਹੋਣ ਦੀ ਅਰਦਾਸ ਕੀਤੀ।  (ਪੀਟੀਆਈ)