''ਕੇਜਰੀਵਾਲ ਦਾ ਮੁਫਤ ਬਿਜਲੀ ਦਾ ਦਾਅਵਾ ਪੰਜਾਬ ਦੀਆਂ ਭਲਾਈ ਸਕੀਮਾਂ ਦਾ ਹੀ ਪਰਛਾਵਾਂ ਹੈ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਨੂੰ ਧੋਖੇਬਾਜ਼ਾਂ ਦਾ ਮੁਖੀ ਦਸਿਆ

Photo

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਆਗੂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਨੂੰ ਸਸਤੀ ਬਿਜਲੀ ਦਾ ਦਾਅਵਾ ਕਰਨ ਦੇ ਫੋਕੇ ਦਾਅਵੇ 'ਤੇ ਭੰਡਦਿਆਂ ਕਿਹਾ ਕਿ ਉਹ ਧੋਖੇਬਾਜ਼ਾਂ ਦਾ ਮਾਸਟਰ ਹੈ ਜਿਸ ਦਾ ਕੰਮ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ।

ਮੁੱਖ ਮੰਤਰੀ ਨੇ ਭਾਜਪਾ ਨੂੰ ਵੀ ਆੜੇ ਹੱਥੀਂ ਲਿਆ ਜਿਨ੍ਹਾਂ ਨੇ ਦਿੱਲੀ ਚੋਣਾਂ ਵਿੱਚ ਧਰੁਵੀਕਰਨ ਦਾ ਪੱਤਾ ਖੇਡਦਿਆਂ ਪੂਰੇ ਦੇਸ਼ ਨੂੰ ਸ਼ਾਹੀਨ ਬਾਗ ਵਿੱਚ ਉਲਝਾ ਦਿੱਤਾ ਅਤੇ ਆਪਣੇ ਵੰਡਪਾਊ ਏਜੰਡੇ ਨਾਲ ਭਾਰਤ ਦੀ ਬੁਨਿਆਦ ਨੂੰ ਹੀ ਤਬਾਹ ਕਰ ਦਿੱਤਾ ਹੈ। ਕੇਜਰੀਵਾਲ 'ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਆਗੂ ਸਸਤੀ ਬਿਜਲੀ ਮੁਹੱਈਆ ਕਰਵਾ ਕੇ ਅਤੇ ਮੁਹੱਲਾ ਕਲੀਨਿਕ ਖੋਲ੍ਹ ਕੇ ਕੋਈ ਵੱਡਾ ਮਾਅਰਕਾ ਨਹੀਂ ਮਾਰ ਰਿਹਾ ਕਿਉਂਕਿ ਕਾਂਗਰਸ ਸਾਸਿਤ ਸੂਬਿਆਂ ਵਿੱਚ ਸਾਰੇ ਹੀ ਮੁੱਖ ਮੰਤਰੀ ਇਹ ਸਭ ਕੁਝ ਪਹਿਲਾਂ ਤੋਂ ਹੀ ਕਰ ਰਹੇ ਹਨ।

ਉਨ੍ਹਾਂ ਕੇਜਰੀਵਾਲ ਨੂੰ ਦਿੱਲੀ ਵਿੱਚ ਨੌਜਵਾਨਾਂ ਲਈ ਨੌਕਰੀਆਂ ਦੇ ਕਿੰਨੇ ਮੌਕੇ ਪੈਦਾ ਕੀਤੇ ਬਾਰੇ ਪੁੱਛਦਿਆਂ ਕਿਹਾ, ''ਕੁਝ ਲੋਕ ਜ਼ਰੂਰ ਇਨ੍ਹਾਂ ਮੁਫਤ ਕੰਮਾਂ ਨਾਲ ਖੁਸ਼ ਹੋਣਗੇ ਪਰ ਉਹ ਦੱਸੇ ਕਿ ਦਿੱਲੀ ਦੀ ਤਰੱਕੀ ਤੇ ਵਿਕਾਸ ਲਈ ਉਸ ਨੇ ਅਸਲ ਕੀ ਕੰਮ ਕੀਤਾ ਹੈ? ਬੱਚਿਆਂ ਲਈ ਨੌਕਰੀ ਦੇ ਵਸੀਲੇ ਪੈਦਾ ਕਰਨ ਲਈ ਕੀ ਕੰਮ ਕੀਤਾ?

ਕੈਪਟਨ ਅਮਰਿੰਦਰ ਸਿੰਘ ਜੋ ਹਰੀ ਨਗਰ ਵਿੱਚ ਕਾਂਗਰਸੀ ਉਮੀਦਵਾਰ ਸੁਰਿੰਦਰ ਸੇਤੀਆ ਦੇ ਹੱਕ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਅਸਲ ਵਿੱਚ ਦਿੱਲੀ ਵਿੱਚ ਪਿਛਲੇ ਪੰਜ ਸਾਲਾਂ ਵਿੱਚੋਂ ਕੋਈ ਪ੍ਰਗਤੀ ਨਹੀਂ ਹੋਈ। ਉਨ੍ਹਾਂ ਕਿਹਾ, ''ਪੰਜਾਬ ਵਿੱਚ 11 ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ।'' ਉਨ੍ਹਾਂ ਕਿਹਾ ਕਿ ਦਿੱਲੀ ਨੂੰ ਆਰਥਿਕ ਤੇ ਉਦਯੋਗਿਕ ਵਿਕਾਸ ਦੀ ਲੋੜ ਹੈ।

ਉਨ੍ਹਾਂ ਦੁੱਖ ਨਾਲ ਕਿਹਾ ਕਿ ਆਪ ਤੇ ਭਾਜਪਾ ਦੀ ਆਪਸੀ ਲੜਾਈ ਵਿੱਚ ਦਿੱਲੀ ਵਾਸੀਆਂ ਦੇ ਹਿੱਤਾਂ ਨੂੰ ਤਿਲਾਂਜਲੀ ਦਿੱਤੀ ਗਈ ਜਿਹੜੀ ਦਿੱਲੀ ਵਿੱਚ ਕਾਂਗਰਸ ਦੇ ਰਾਜ ਦੌਰਾਨ ਬੇਸ਼ੁਮਾਰ ਤਰੱਕੀ ਹੋਈ ਸੀ, ਹੁਣ ਉਹ ਪਿਛਲੇ ਪੰਜ ਸਾਲਾਂ ਤੋਂ ਵਿਕਾਸ ਨੂੰ ਤਰਸ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਕਾਂਗਰਸ ਹੀ ਦਿੱਲੀ ਦਾ ਵਿਕਾਸ ਕਰ ਸਕਦੀ ਹੈ ਅਤੇ ਦੇਸ਼ ਨੂੰ ਮਜ਼ਬੂਤ ਤੇ ਇਕਜੁੱਟ ਰੱਖ ਸਕਦੀ ਹੈ।

ਭਾਜਪਾ ਉਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹੀਨ ਬਾਗ ਨਾਲ ਚੋਣਾਂ ਵਿੱਚ ਧਰੁਵੀਕਰਨ ਦਾ ਪੱਤਾ ਖੇਡਿਆ ਜਾ ਰਿਹਾ ਹੈ ਪਰ ਭਾਜਪਾ ਆਪਣੀ ਇਸ ਚਾਲ ਵਿੱਚ ਸਫਲ ਨਹੀਂ ਹੋਵੇਗੀ ਕਿਉਂਕਿ ਲੋਕਾਂ ਨੂੰ ਅਸਲੀਅਤ ਪਤਾ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੂਰਾ ਦੇਸ਼ ਸ਼ਾਹੀਨ ਬਾਗ ਬਣ ਗਿਆ ਹੈ ਅਤੇ ਦੇਸ਼ ਭਰ ਵਿੱਚ ਸੀ.ਏ.ਏ. ਅਤੇ ਐਨ.ਆਰ.ਸੀ. ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ।

ਉਨ੍ਹਾਂ ਕਿਹਾ, ''ਯੂਨੀਵਰਸਿਟੀਆਂ ਵਿੱਚ ਬੇਚੈਨੀ ਹੈ, ਵਿਦਿਆਰਥੀ ਪੂਰੇ ਦੇਸ਼ ਭਰ ਵਿੱਚ ਸੜਕਾਂ ਉਤੇ ਉਤਰੇ ਹੋਏ ਹਨ ਅਤੇ ਉਨ੍ਹਾਂ ਉਤੇ ਗੋਲੀ ਚਲਾਈ ਜਾ ਰਹੀ ਹੈ।'' ਉਨ੍ਹਾਂ ਕਿਹਾ ਕਿ ਇਹ ਉਹ ਭਾਰਤ ਨਹੀਂ ਹੈ ਜਿਸ ਲਈ ਕੁਰਬਾਨੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਵੰਡ ਪਾਊ ਰਾਜਨੀਤੀ ਜਿਸ ਨੇ ਦੇਸ਼ ਕਮਜ਼ੋਰ ਕੀਤਾ ਹੈ, ਦੇ ਉਲਟ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦੇਸ਼ ਨੂੰ ਮਜ਼ਬੂਤ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਾਮ ਵਿੱਚ 19 ਲੱਖ ਲੋਕਾਂ ਨੂੰ ਐਨ.ਆਰ.ਸੀ. ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਪੁੱਛਿਆ, ''ਕੀ ਇਨ੍ਹਾਂ ਸਾਰਿਆਂ ਨੂੰ ਆਪਣੇ ਬਣਾਏ ਨਜ਼ਰਬੰਦ ਕੈਂਪਾਂ ਵਿੱਚ ਰੱਖਿਆ ਜਾਵੇਗਾ?'' ਉਨ੍ਹਾਂ ਇਹ ਵੀ ਪੁੱਛਿਆ ਕਿ ਉਹ ਸਾਰੇ ਲੋਕ ਕਿੱਥੇ ਜਾਣਗੇ ਜਿਨ੍ਹਾਂ ਨੂੰ ਗੈਰ ਨਾਗਰਿਕ ਸਮਝਿਆ ਜਾ ਰਿਹਾ ਹੈ?

ਇਸ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ,''ਕੇਜਰੀਵਾਲ ਸਿਰਫ ਰਿਹਾਇਸ਼ੀ ਖਪਤਕਾਰਾਂ ਦੇ ਇਕ ਹਿੱਸੇ ਨੂੰ ਸਬਸਿਡੀ ਉਤੇ ਬਿਜਲੀ ਦੇ ਰਿਹਾ ਹੈ ਜਿਸ ਉਤੇ 1600 ਤੋਂ 1700 ਕਰੋੜ ਰੁਪਏ ਖਰਚ ਆ ਰਹੇ ਹਨ ਜਦੋਂ ਕਿ ਮੇਰੀ ਸਰਕਾਰ ਸਮਾਜ ਦੇ ਸਾਰੇ ਵਰਗਾਂ ਨੂੰ ਬਿਜਲੀ ਸਬਸਿਡੀ ਉਤੇ 9000 ਤੋਂ 10,000 ਕਰੋੜ ਰੁਪਏ ਖਰਚ ਰਹੀ ਹੈ।

ਉਹ ਸਿਰਫ ਰਿਹਾਇਸ਼ੀ ਗ੍ਰਾਹਕਾਂ ਦੇ ਇਕ ਹਿੱਸੇ ਨੂੰ ਸਬਸਿਡੀ ਦੇ ਰਿਹਾ ਹੈ ਜਦੋਂ ਕਿ ਵਪਾਰਕ ਤੇ ਉਦਯੋਗਿਕ ਖਪਤਕਾਰਾਂ ਕੋਲੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ।'' ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਰਿਹਾਇਸ਼ੀ ਖਪਤਕਾਰਾਂ ਨੂੰ 1700 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇ ਰਹੀ ਹੈ ਅਤੇ ਚੋਣਾਂ ਮੌਕੇ ਇਹ ਰਾਸ਼ੀ ਵਧ ਕੇ 2600 ਕਰੋੜ ਰੁਪਏ ਹੋ ਗਈ ਜੋ ਕਿ ਫੇਰ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਇਹ ਸਿਰਫ ਇਕ ਚੌਥਾਈ ਹਿੱਸਾ ਬਣਦਾ ਹੈ।

ਉਨ੍ਹਾਂ ਕਿਹਾ, ''ਪੰਜਾਬ ਵਿੱਚ ਅਸੀਂ ਐਸ.ਸੀ., ਬੀ.ਸੀ. ਤੇ ਬੀ.ਪੀ.ਐਲ. ਵਰਗ ਦੇ 21 ਲੱਖ ਖਪਤਕਾਰਾਂ, 14 ਲੱਖ ਕਿਸਾਨਾਂ, 1.50 ਲੱਖ ਉਦਯੋਗਿਕ ਖਪਤਕਾਰਾਂ ਉਤੇ ਹਰ ਸਾਲ ਬਿਜਲੀ ਸਬਸਿਡੀ ਉਤੇ 9000 ਤੋਂ 10,000 ਕਰੋੜ ਰੁਪਏ ਖਰਚ ਰਹੇ ਹਨ।'' ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਉਤੇ ਬਿਜਲੀ ਦੇ ਰੇਟ ਪੰਜਾਬ ਨਾਲ ਡੇਢ ਗੁਣਾ ਵੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਵਪਾਰਕ ਖਪਤਕਾਰ 11 ਤੋਂ 12 ਰੁਪਏ ਤੱਕ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਿਹਾ ਹੈ ਜਦੋਂ ਕਿ ਪੰਜਾਬ ਵਿੱਚ ਇਹੋ ਰੇਟ 7-8 ਰੁਪਏ ਪ੍ਰਤੀ ਯੂਨਿਟ ਹੈ। ਇਸੇ ਤਰ੍ਹਾਂ ਦਿੱਲੀ ਵਿੱਚ ਉਦਯੋਗਿਕ ਖਪਤਕਾਰਾਂ ਨੂੰ 10-11 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ ਜਦੋਂ ਕਿ ਪੰਜਾਬ ਵਿੱਚ ਇਹ ਰੇਟ 5-7 ਪ੍ਰਤੀ ਯੂਨਿਟ ਹੈ।

ਦਿੱਲੀ ਵਿੱਚ ਕਾਂਗਰਸ ਕਿੰਨੀਆਂ ਸੀਟਾਂ ਜਿੱਤੇਗੀ, ਇਸ ਬਾਰੇ ਭਵਿੱਖਬਾਣੀ ਕਰਨ ਤੋਂ ਨਾਂਹ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿੱਲੀ ਵਿੱਚ ਮਜ਼ਬੂਤ ਪੁਜੀਸ਼ਨ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਵਿੱਚ ਆਪ ਦੀ ਹਵਾ ਸਿਰਫ ਕਲਪਿਤ ਹੈ ਜਿਵੇਂ ਕਿ ਪੰਜਾਬ ਵਿੱਚ 2017 ਦੌਰਾਨ ਸੀ ਜਿੱਥੇ ਕਿ ਉਨ੍ਹਾਂ ਨੂੰ ਇੰਨੀ ਹਵਾ ਦੇ ਬਾਵਜੂਦ ਸਿਰਫ 20 ਸੀਟਾਂ ਮਿਲੀਆਂ ਸਨ।

ਉਨ੍ਹਾਂ ਹਰੀ ਨਗਰ ਤੋਂ ਸੇਤੀਆ ਦੀ ਜਿੱਤ ਦਾ ਪੂਰਾ ਦਾਅਵਾ ਕੀਤਾ। ਜਨਤਕ ਰੈਲੀ ਦੌਰਾਨ ਆਪਣੇ ਸੰਬੋਧਨ ਵਿੱਚ ਏ.ਆਈ.ਸੀ.ਸੀ. ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਨੇ ਕਿਹਾ ਕਿ ਆਪ ਤੇ ਭਾਜਪਾ ਦੀ ਆਪਸੀ ਲੜਾਈ ਵਿੱਚ ਦਿੱਲੀ ਅਨਾਥ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਦਿੱਲੀ ਬਾਰੇ ਕੋਈ ਫਿਕਰ ਨਹੀਂ ਅਤੇ ਦੋਵਾਂ ਨੂੰ ਸਿਰਫ ਆਪਣੇ ਨਿੱਜੀ ਹਿੱਤ ਪਿਆਰੇ ਹਨ। ਸ਼ੀਲਾ ਦੀਕਸ਼ਿਤ ਦੀ ਅਗਵਾਈ ਵਿੱਚ ਦਿੱਲੀ ਨੇ ਵਿਕਾਸ ਦੀਆਂ ਨਵੀਆਂ ਸਿਖਰਾਂ ਛੋਹੀਆਂ ਸਨ ਜਿਨ੍ਹਾਂ ਨੂੰ ਆਪ ਤੇ ਭਾਜਪਾ ਨੇ ਮਿੱਟੀ ਵਿੱਚ ਮਿਲਾ ਦਿੱਤਾ।

ਰੈਲੀ ਨੂੰ ਪੰਜਾਬ ਦੇ ਵਿਧਾਇਕਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕੁਲਬੀਰ ਸਿੰਘ ਜ਼ੀਰਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਲਕਾਜੀ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਸ਼ਿਵਾਨੀ ਚੋਪੜਾ ਦੇ ਹੱਕ ਵਿੱਚ ਰੋਡ ਸ਼ੋਅ ਵੀ ਕੱਢਿਆ ਜਿਸ ਦੌਰਾਨ ਸਥਾਨਕ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।