ਪਿਛਲੇ ਦਰਵਾਜ਼ੇ ਰਾਹੀਂ ਦਿੱਲੀ ’ਚ ਸ਼ਾਸਨ ਕਰਨਾ ਚਾਹੁੰਦੀ ਹੈ ਭਾਜਪਾ : ਮਨੀਸ਼ ਸਿਸੋਦੀਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਬਨਾਮ ਸੂਬੇ ਵਿਚਾਲੇ ਛਿੜੀ ਜੰਗ

Manish Sisodia

ਨਵੀਂ ਦਿੱਲੀ : ਦਿੱਲੀ ’ਚ ਉਪ ਰਾਜਪਾਲ ਦੀਆਂ ਸ਼ਕਤੀਆਂ ਵਧਾਉਣ ਨੂੰ ਲੈ ਕੇ ਹਾਲ ਹੀ ’ਚ ਪਾਸ ਕੀਤੇ ਕੇਂਦਰੀ ਕੈਬਨਿਟ ਦੇ ਬਿਲ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਨਾਰਾਜ਼ਗੀ ਪ੍ਰਗਟਾਈ ਹੈ। ਇਸ ਬਿਲ ਨੇ ਮੁੜ ਤੋਂ ਕੇਂਦਰ ਬਨਾਮ ਸੂਬੇ ਦੀ ਜੰਗ ਨੂੰ ਛੇੜ ਦਿਤਾ ਹੈ।

ਵੀਰਵਾਰ ਨੂੰ ਇਸ ਮਾਮਲੇ ’ਤੇ ਬੋਲਦੇ ਹੋਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਇਆ ਕਿ ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਰਾਜਧਾਨੀ ’ਚ ਸ਼ਾਸਨ ਕਰਨਾ ਚਾਹੁੰਦੀ ਹੈ। 

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਿਸੋਦੀਆ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦਿੱਲੀ ’ਚ ਜਨਤਾ ਵਲੋਂ ਚੁਣੀ ਗਈ ਸਰਕਾਰ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। 

ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗੁਪਤ ਤਰੀਕੇ ਨਾਲ ਦਿੱਲੀ ਦੇ ਚੁਣੇ ਗਏ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਅਧਿਕਾਰ ਖੋਹ ਕੇ ਐੱਲ.ਜੀ. ਨੂੰ ਦੇਣ ਲਈ ਸਰਕਾਰ ਗਠਨ ਦੇ ਕਾਨੂੰਨ ’ਚ ਤਬਦੀਲੀ ਕੀਤੀ ਹੈ। ਹੁਣ ਦਿੱਲੀ ਦੀ ਚੁਣੀ ਹੋਈ ਸਰਕਾਰ ਕੋਲ ਫ਼ੈਸਲਾ ਲੈਣ ਦੀ ਸ਼ਕਤੀ ਨਹੀਂ ਹੋਵੇਗੀ। ਕੇਂਦਰ ਸਰਕਾਰ ਦਾ ਕਦਮ ਲੋਕਤੰਤਰ ਦੀ ਆਤਮਾ ਅਤੇ ਸੰਵਿਧਾਨ ਦੇ ਵੀ ਵਿਰੁਧ ਹੈ।