ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ, ਦਿੱਲੀ ਪੁਲਿਸ ਤੋਂ ਵਾਪਸ ਮੰਗੀਆਂ 576 ਡੀਟੀਸੀ ਬੱਸਾਂ
ਪੁਲਿਸ ਡਿਊਟੀ ਲਈ ਭੇਜੀਆਂ ਬੱਸਾਂ ਨੂੰ ਤੁਰੰਤ ਡਿਪੂ ਪਰਤਣ ਦੇ ਨਿਰਦੇਸ਼
ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦਿਆਂ ਦਿੱਲੀ ਪੁਲਿਸ ਦੀ ਡਿਊਟੀ ਲਈ ਭੇਜੀਆਂ ਡੀਟੀਸੀ ਬੱਸਾਂ ਵਾਪਸ ਮੰਗੀਆਂ ਹਨ। ਸਰਕਾਰ ਵੱਲ਼ੋਂ ਬੱਸਾਂ ਨੂੰ ਤੁਰੰਤ ਡਿਪੂ ਵਾਪਸ ਪਰਤਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਇਹ ਬੱਸਾਂ ਕਿਸਾਨ ਅੰਦੋਲਨ ਵਿਚ ਆਵਾਜਾਈ ਲਈ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਵਰਤੀਆਂ ਜਾ ਰਹੀਆਂ ਹਨ। ਆਵਾਜਾਈ ਵਿਭਾਗ ਮੁਤਾਬਕ ਦਿੱਲੀ ਪੁਲਿਸ ਵੱਲੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਮੌਕੇ ਤੋਂ ਹੀ ਡੀਟੀਸੀ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਵਿਭਾਗ ਨੇ ਡੀਟੀਸੀ ਨੂੰ ਨਿਰਦੇਸ਼ ਦਿੱਤੇ ਕਿ ਬਿਨਾਂ ਸਰਕਾਰ ਦੀ ਮਨਜ਼ੂਰੀ ਦਿੱਲੀ ਪੁਲਿਸ ਨੂੰ ਬੱਸਾਂ ਨਾ ਦਿੱਤੀਆਂ ਜਾਣ।
ਆਵਾਜਾਈ ਵਿਭਾਗ ਨੇ ਡੀਟੀਸੀ ਨੂੰ ਨਿਰਦੇਸ਼ ਦਿੱਤੇ ਕਿ ਦਿੱਲੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਗਈਆਂ 576 ਬੱਸਾਂ ਵਾਪਸ ਕੀਤੀਆਂ ਜਾਣ। ਦੱਸ ਦਈਏ ਦਿੱਲੀ ਦੇ ਬਾਰਡਰਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦੋ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ। ਪੁਲਿਸ ਵੱਲੋਂ ਦਿੱਲੀ ਬਾਰਡਰ ‘ਤੇ ਬੈਰੀਕੇਡਿੰਗ ਕੀਤੀ ਗਈ ਹੈ।
ਦੂਜੇ ਪਾਸੇ ਕਿਸਾਨੀ ਸੰਘਰਸ਼ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਮਿਲ ਰਿਹਾ ਹੈ। ਇਸ ਦੇ ਚਲਦਿਆਂ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 26 ਜਨਵਰੀ ਤੋਂ ਬਾਅਦ ਲਾਪਤਾ ਕਿਸਾਨਾਂ ਦਾ ਪਤਾ ਲਗਾਉਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਲਾਪਤਾ ਕਿਸਾਨਾਂ ਦਾ ਪਤਾ ਲਗਾਉਣ ਲਈ ਹਰ ਕੋਸ਼ਿਸ਼ ਕਰੇਗੀ।