ਸ਼ਿਮਲਾ ਵਿਚ ਸਾਲ ਦੀ ਹੋਈ ਪਹਿਲੀ ਬਰਫ਼ਬਾਰੀ, ਮੀਂਹ ਹਨੇਰੀ ਦੀ ਚਿਤਾਵਨੀ
ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਵੀਰਵਾਰ ਸਵੇਰੇ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ। ਸ਼ਿਮਲਾ, ਕੁਫਰੀ, ਕੈਲੋਂਗ, ਕਲਪਾ ਅਤੇ ਸੂਬੇ ਦੇ ਕਈ ਉਚਾਈ ਵਾਲੇ ਖੇਤਰਾਂ ਵਿਚ ਵੀਰਵਾਰ ਸਵੇਰੇ ਬਰਫ਼ਬਾਰੀ ਹੋਈ ਅਤੇ ਆਖ਼ਰੀ ਖ਼ਬਰ ਮਿਲਣ ਤਕ ਬਰਫ਼ਬਾਰੀ ਜਾਰੀ ਹੈ।
ਮੌਸਮ ਵਿਭਾਗ ਨੇ ਮੱਧਮ ਅਤੇ ਉੱਚੀਆਂ ਪਹਾੜੀਆਂ ਇਲਾਕਿਆਂ ਵਿਚ ਬਰਫ਼ਬਾਰੀ ਦੀ ਭਵਿੱਖਬਾਣੀ ਕਰਦਿਆਂ 4 ਫ਼ਰਵਰੀ ਲਈ ਸੂਬੇ ਵਿਚ ਹਨ੍ਹੇਰੀ ਅਤੇ ਮੀਂਹ ਦਾ ਖ਼ਦਸ਼ਾ ਪ੍ਰਗਟਾਇਆ ਸੀ ਅਤੇ ਅਲਰਟ ਜਾਰੀ ਕੀਤਾ ਸੀ।
ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਮੈਦਾਨੀ, ਹੇਠਲੇ ਪਹਾੜੀ ਇਲਾਕਿਆਂ ਵਿਚ ਚਾਰ ਫ਼ਰਵਰੀ ਨੂੰ ਮੱਧਮ ਅਤੇ ਉੱਚੇ ਪਹਾੜੀ ਇਲਾਕਿਆਂ ਵਿਚ ਚਾਰ ਅਤੇ ਪੰਜ ਫ਼ਰਵਰੀ ਨੂੰ ਹਨ੍ਹੇਰੀ ਅਤੇ ਮੀਂਹ ਦਾ ਖ਼ਦਸ਼ਾ ਪ੍ਰਗਟਾਇਆ ਸੀ।
ਮੌਸਮ ਵਿਭਾਗ ਨੇ ਲੋਕਾਂ ਨੂੰ ਖ਼ਰਾਬ ਮੌਸਮ ਬਾਰੇ ਜਾਗਰੂਕ ਕਰਨ ਲਈ ’ਯੈਲੋ ਅਲਰਟ’ ਜਾਰੀ ਕੀਤਾ ਹੈ। ਮੌਸਮ ਵਿਚ ਯੈਲੋ ਚੇਤਾਵਨੀ ਸਭ ਤੋਂ ਘੱਟ ਸ਼੍ਰੇਣੀ ਦੇ ਖ਼ਤਰੇ ਵਿਚ ਆਉਂਦਾ ਹੈ ਅਤੇ ਇਹ ਕੁਝ ਦਿਨਾਂ ਲਈ ਖ਼ਰਾਬ ਮੌਸਮ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ।