ਕਾਰਕੁਨ ਦਮਾਨੀਆ ਨੇ ਪਿਛਲੀ ਮਹਾਯੁਤੀ ਸਰਕਾਰ ’ਚ ਘਪਲੇ ਦਾ ਦੋਸ਼ ਲਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਤਕਾਲੀ ਮੰਤਰੀ ਧਨੰਜੇ ਮੁੰਡੇ ਦੇ ਅਧੀਨ ਖੇਤੀਬਾੜੀ ਵਿਭਾਗ ’ਚ ਬੇਨਿਯਮੀਆਂ ਦੇ ਲੱਗੇ ਦੋਸ਼, ਮੁੰਡੇ ਨੇ ਦੋਸ਼ਾਂ ਨੂੰ ਖਾਰਜ ਕੀਤਾ

Anjali Damania and Dhananjay Munde.

ਮੁੰਬਈ : ਕਾਰਕੁਨ ਅੰਜਲੀ ਦਮਾਨੀਆ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਮਹਾਰਾਸ਼ਟਰ ’ਚ ਪਿਛਲੀ ਮਹਾਯੁਤੀ ਗਠਜੋੜ ਸਰਕਾਰ ’ਚ ਐਨ.ਸੀ.ਪੀ. ਨੇਤਾ ਧਨੰਜੇ ਮੁੰਡੇ ਕੋਲ ਵਿਭਾਗ ਸੀ ਤਾਂ ਖੇਤੀਬਾੜੀ ਵਿਭਾਗ ’ਚ 88 ਕਰੋੜ ਰੁਪਏ ਦਾ ਘਪਲਾ ਹੋਇਆ ਸੀ।

ਹਾਲਾਂਕਿ ਮਹਾਯੁਤੀ 2.0 ਸਰਕਾਰ ’ਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਮੁੰਡੇ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਅਤੇ ਕਿਹਾ ਕਿ ਉਹ ਉਨ੍ਹਾਂ ਵਿਰੁਧ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਟੈਂਡਰ ਪ੍ਰਕਿਰਿਆ ’ਚ ਕੋਈ ਬੇਨਿਯਮੀਆਂ ਨਹੀਂ ਹੋਈਆਂ, ਜਿਵੇਂ ਕਿ ਦਮਾਨੀਆ ਨੇ ਦਾਅਵਾ ਕੀਤਾ ਸੀ ਅਤੇ ਉਨ੍ਹਾਂ ਦੇ ਵਿਭਾਗ ਨੇ ਕਿਸਾਨਾਂ ਨੂੰ ਮਾਰਕੀਟ ਕੀਮਤਾਂ ਤੋਂ ਘੱਟ ਕੀਮਤਾਂ ’ਤੇ ਨੈਨੋ ਖਾਦ ਮੁਹੱਈਆ ਕਰਵਾਈ ਸੀ। 

ਇੱਥੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਦੀ ਸਾਬਕਾ ਨੇਤਾ ਦਮਾਨੀਆ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੇ 2016 ਦੇ ਹੁਕਮਾਂ ਦੇ ਬਾਵਜੂਦ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ.ਬੀ.ਟੀ.) ਤਹਿਤ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਸਿੱਧਾ ਪੈਸਾ ਟ੍ਰਾਂਸਫਰ ਕੀਤਾ ਜਾਵੇ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਮਹਿੰਗੇ ਰੇਟਾਂ ’ਤੇ ਵੰਡਣ ਲਈ ਉਪਕਰਣ ਅਤੇ ਖਾਦਾਂ ਖਰੀਦੀਆਂ। 

ਮੁੰਡੇ ਪਹਿਲਾਂ ਹੀ ਮੱਧ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ’ਚ ਸਰਪੰਚ ਸੰਤੋਸ਼ ਦੇਸ਼ਮੁਖ ਦੀ ਹੱਤਿਆ ਨਾਲ ਜੁੜੇ ਜਬਰੀ ਵਸੂਲੀ ਦੇ ਮਾਮਲੇ ’ਚ ਅਪਣੇ ਨਜ਼ਦੀਕੀ ਸਹਿਯੋਗੀ ਵਾਲਮੀਕ ਕਰਾਡ ਦੀ ਗ੍ਰਿਫਤਾਰੀ ਨੂੰ ਲੈ ਕੇ ਆਲੋਚਨਾ ਦੇ ਘੇਰੇ ’ਚ ਹਨ। ਪ੍ਰੈਸ ਕਾਨਫਰੰਸ ’ਚ ਦਮਾਨੀਆ ਨੇ ਕਥਿਤ ਘਪਲੇ ਨਾਲ ਜੁੜੇ ਦਸਤਾਵੇਜ਼ ਪੇਸ਼ ਕੀਤੇ। 

ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਇਸ ਗੱਲ ਦਾ ਸਬੂਤ ਹਨ ਕਿ ਕਿਵੇਂ ਮੰਤਰੀ ਨੇ ਕਿਸਾਨਾਂ ਦੇ ਪੈਸੇ ਦੀ ਹੇਰਾਫੇਰੀ ਕੀਤੀ ਅਤੇ ਕਾਨੂੰਨਾਂ ਦੀ ਉਲੰਘਣਾ ਕੀਤੀ। ਡੀ.ਬੀ.ਟੀ. ’ਤੇ ਸਰਕਾਰੀ ਪ੍ਰਸਤਾਵ (ਜੀ.ਆਰ.) ਅਨੁਸਾਰ, ਮਹਾਬੀਜ, ਕੇ.ਵੀ.ਕੇ. ਅਤੇ ਐਮ.ਆਈ.ਡੀ.ਸੀ ਵਰਗੀਆਂ ਕੁੱਝ ਸਰਕਾਰੀ ਸੰਸਥਾਵਾਂ ਨੂੰ ਛੱਡ ਕੇ, ਜੋ ਅਪਣਾ ਮਾਲ ਖੁਦ ਤਿਆਰ ਕਰਦੇ ਹਨ, ਯੋਜਨਾ ਨਾਲ ਜੁੜੇ ਸਾਰੇ ਫੰਡ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਟ੍ਰਾਂਸਫਰ ਕੀਤੇ ਜਾਣੇ ਸਨ। ਹਾਲਾਂਕਿ, ਇਸ ਨਿਯਮ ਦੀ ਅਣਦੇਖੀ ਕੀਤੀ ਗਈ। 

ਕਾਰਕੁਨ ਨੇ 12 ਸਤੰਬਰ, 2018 ਦੇ ਜੀ.ਆਰ. ਦਾ ਹਵਾਲਾ ਦਿਤਾ, ਜਿਸ ’ਚ ਡੀਬੀਟੀ ਦੇ ਤਹਿਤ 62 ਭਾਗਾਂ ਨੂੰ ਸੂਚੀਬੱਧ ਕੀਤਾ ਗਿਆ ਸੀ। ਦਮਾਨੀਆ ਨੇ ਕਿਹਾ ਕਿ ਮੁੱਖ ਮੰਤਰੀ ਕੋਲ ਡੀ.ਬੀ.ਟੀ. ਸੂਚੀ ’ਚ ਨਵੇਂ ਹਿੱਸੇ ਸ਼ਾਮਲ ਕਰਨ ਦਾ ਅਧਿਕਾਰ ਹੈ ਪਰ ਮੌਜੂਦਾ ਕੰਪੋਨੈਂਟਾਂ ਨੂੰ ਮੁੱਖ ਸਕੱਤਰ, ਵਿੱਤ ਸਕੱਤਰ ਅਤੇ ਯੋਜਨਾ ਸਕੱਤਰ ਦੀ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹਟਾਇਆ ਜਾ ਸਕਦਾ। 

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਸੂਬਾ ਸਰਕਾਰ ਨੇ 12 ਮਾਰਚ, 2024 ਨੂੰ ਨਵਾਂ ਜੀ.ਆਰ. ਜਾਰੀ ਕੀਤਾ ਸੀ, ਜਿਸ ’ਚ ਖੇਤੀਬਾੜੀ ਕਮਿਸ਼ਨਰ ਨੂੰ ਖੇਤੀਬਾੜੀ ਉਪਕਰਣਾਂ ਦੀ ਖਰੀਦ ਲਈ ਨਿਯੰਤਰਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। 

ਕਾਰਕੁੰਨ ਨੇ ਦਾਅਵਾ ਕੀਤਾ ਕਿ ਤਤਕਾਲੀ ਖੇਤੀਬਾੜੀ ਕਮਿਸ਼ਨਰ ਪ੍ਰਵੀਨ ਗੇਡਮ ਨੇ 15 ਮਾਰਚ, 2024 ਨੂੰ ਚਿੰਤਾ ਜ਼ਾਹਰ ਕਰਦਿਆਂ ਕਿਹਾ ਸੀ ਕਿ ਖਰੀਦ ਅਧਾਰਤ ਯੋਜਨਾ ਨੂੰ ਲਾਗੂ ਕਰਨਾ ਗਲਤ ਸੀ। ਉਨ੍ਹਾਂ ਕਿਹਾ ਕਿ ਕਿਉਂਕਿ ਖਰੀਦੀਆਂ ਜਾ ਰਹੀਆਂ ਚੀਜ਼ਾਂ ਮਹਾਬੀਜ ਜਾਂ ਐਮ.ਆਈ.ਡੀ.ਸੀ ਵਲੋਂ ਤਿਆਰ ਨਹੀਂ ਕੀਤੀਆਂ ਗਈਆਂ ਸਨ, ਇਸ ਲਈ ਇਨ੍ਹਾਂ ਚੀਜ਼ਾਂ ਨੂੰ ਖਰੀਦਣ ਦੀ ਬਜਾਏ ਕਿਸਾਨਾਂ ਨੂੰ ਡੀ.ਬੀ.ਟੀ. ਰਾਹੀਂ ਫੰਡ ਵੰਡੇ ਜਾਣੇ ਚਾਹੀਦੇ ਸਨ। 

ਦਮਾਨੀਆ ਨੇ ਦੋਸ਼ ਲਾਇਆ ਕਿ ਗੇਡਾਮ ਨੇ ਮੁੰਡੇ ਨੂੰ ਇਨ੍ਹਾਂ ਬੇਨਿਯਮੀਆਂ ਬਾਰੇ ਦਸਿਆ, ਪਰ ਤਤਕਾਲੀ ਖੇਤੀਬਾੜੀ ਮੰਤਰੀ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਅਤੇ ਉਪ ਸਕੱਤਰ ਨੂੰ ਖਰੀਦ ਜਾਰੀ ਰੱਖਣ ਦੀ ਸਲਾਹ ਦਿਤੀ। ਗੇਡਮ ਟਿਪਣੀ ਆਂ ਲਈ ਤੁਰਤ ਉਪਲਬਧ ਨਹੀਂ ਸੀ। 

ਮੁੰਡੇ ਨੇ 15 ਮਾਰਚ ਨੂੰ ਤਤਕਾਲੀ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਅਜੀਤ ਪਵਾਰ ਤੋਂ ਟੈਂਡਰ ਜਾਰੀ ਕਰਨ ਦੀ ਇਜਾਜ਼ਤ ਮੰਗੀ ਸੀ। ਦਮਾਨੀਆ ਨੇ ਦਾਅਵਾ ਕੀਤਾ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਮੁਖੀ ਪਵਾਰ ਨੇ ਇਸ ਬੇਨਤੀ ਨੂੰ ਮਨਜ਼ੂਰੀ ਦੇ ਦਿਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਤਤਕਾਲੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਡੀਬੀਟੀ ਸੂਚੀ ਤੋਂ ਕੁੱਝ ਹਿੱਸਿਆਂ ਨੂੰ ਹਟਾਉਣ ਦੀ ਮਨਜ਼ੂਰੀ ਦਿਤੀ ਸੀ, ਹਾਲਾਂਕਿ ਉਨ੍ਹਾਂ ਕੋਲ ਅਜਿਹਾ ਕਰਨ ਦਾ ਅਧਿਕਾਰ ਨਹੀਂ ਸੀ। 

ਕਾਰਕੁੰਨ ਨੇ ਦੋਸ਼ ਲਾਇਆ ਕਿ ਮੁੰਡੇ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਪੰਜ ਚੀਜ਼ਾਂ ਨੈਨੋ ਯੂਰੀਆ, ਨੈਨੋ ਡੀ.ਏ.ਪੀ., ਬੈਟਰੀ ਸਪਰੇਅਰ, ਮੈਟਲਡੀਹਾਈਡ ਕੀਟਨਾਸ਼ਕ ਅਤੇ ਕਪਾਹ ਦੇ ਥੈਲਿਆਂ ਦੀ ਖਰੀਦ ’ਚ ਵੱਡੀਆਂ ਵਿੱਤੀ ਬੇਨਿਯਮੀਆਂ ਦਾ ਦੋਸ਼ੀ ਹੈ। 

ਇਫਕੋ ਵਲੋਂ ਤਿਆਰ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਨੂੰ ਕਥਿਤ ਤੌਰ ’ਤੇ ਵਧੀਆਂ ਕੀਮਤਾਂ ’ਤੇ ਖਰੀਦਿਆ ਗਿਆ ਸੀ। ਨੈਨੋ ਯੂਰੀਆ ਦੀ 500 ਮਿਲੀਲੀਟਰ ਦੀ ਬੋਤਲ ਬਾਜ਼ਾਰ ’ਚ 92 ਰੁਪਏ ’ਚ ਮਿਲ ਰਹੀ ਸੀ ਪਰ ਖੇਤੀਬਾੜੀ ਵਿਭਾਗ ਨੇ ਕਥਿਤ ਤੌਰ ’ਤੇ ਇਸ ਨੂੰ 220 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਖਰੀਦਣ ਦਾ ਟੈਂਡਰ ਜਾਰੀ ਕੀਤਾ ਸੀ। ਕੁਲ 19,68,408 ਬੋਤਲਾਂ ਖਰੀਦੀਆਂ ਗਈਆਂ। ਇਸੇ ਤਰ੍ਹਾਂ ਨੈਨੋ ਡੀਏਪੀ ਦੀ ਕੀਮਤ ਬਾਜ਼ਾਰ ਵਿਚ 269 ਰੁਪਏ ਪ੍ਰਤੀ ਬੋਤਲ ਹੈ ਅਤੇ ਇਹ 590 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਖਰੀਦੀ ਗਈ ਹੈ। 

ਉਨ੍ਹਾਂ ਕਿਹਾ ਕਿ ਬਾਜ਼ਾਰ ’ਚ 2,496 ਰੁਪਏ ’ਚ ਉਪਲੱਬਧ ਬੈਟਰੀ ਸਪਰੇਅਰ 3,425 ਰੁਪਏ ’ਚ ਖਰੀਦੇ ਗਏ। ਦਮਾਨੀਆ ਨੇ ਪਹਿਲਾਂ ਮੁੰਡੇ ’ਤੇ ਕਰਾਡ ਨਾਲ ਕਥਿਤ ਵਿੱਤੀ ਸਬੰਧਾਂ ਬਾਰੇ ਦੋਸ਼ ਲਗਾਏ ਸਨ। ਪਿਛਲੇ ਮਹੀਨੇ ਕਰਾਡ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧੀ ਧਿਰ ਮੰਤਰੀ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। 

ਮੁੰਡੇ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕਰ ਦਿਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਮਾਮਲਿਆਂ ’ਚ ਉਨ੍ਹਾਂ ਵਲੋਂ ਲਗਾਏ ਗਏ ਦੋਸ਼ਾਂ ’ਚੋਂ ਕੋਈ ਵੀ ਸਾਬਤ ਨਹੀਂ ਹੋਇਆ ਹੈ। ਹੋ ਸਕਦਾ ਹੈ ਕਿ ਉਹ ਸਿਆਸਤ ’ਚ ਵਾਪਸੀ ’ਤੇ ਵਿਚਾਰ ਕਰ ਰਹੇ ਹੋਣ ਅਤੇ ਇਸੇ ਲਈ ਅਜਿਹੇ ਦੋਸ਼ ਲਗਾ ਰਹੇ ਹਨ। 

ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਨਸਨੀ ਪੈਦਾ ਕਰਨ ਤੋਂ ਇਲਾਵਾ, ਦੋਸ਼ਾਂ ’ਚ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ, ‘‘ਜਿਸ ਨੇ ਵੀ ਉਸ ਨੂੰ ਮੈਨੂੰ ਨਿਸ਼ਾਨਾ ਬਣਾਉਣ ਲਈ ਉਕਸਾਇਆ ਹੈ, ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਐਨ.ਸੀ.ਪੀ. ਨੇਤਾ ਨੇ ਦਾਅਵਾ ਕੀਤਾ ਕਿ ਮਾਰਚ 2024 ਦੀ ਟੈਂਡਰ ਪ੍ਰਕਿਰਿਆ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਗਈ ਸੀ।’’

ਮੁੰਡੇ ਨੇ ਦਾਅਵਾ ਕੀਤਾ ਕਿ ਉਹ ਪਿਛਲੇ 58 ਦਿਨਾਂ ਤੋਂ ਮੀਡੀਆ ਟ੍ਰਾਇਲ ਦਾ ਸਾਹਮਣਾ ਕਰ ਰਹੇ ਸਨ (ਸਪੱਸ਼ਟ ਤੌਰ ’ਤੇ 9 ਦਸੰਬਰ ਨੂੰ ਮਸਾਜੋਗ ਦੇ ਸਰਪੰਚ ਦੇਸ਼ਮੁਖ ਦੀ ਹੱਤਿਆ ਤੋਂ ਬਾਅਦ ਦਾ ਹਵਾਲਾ ਦਿੰਦੇ ਹੋਏ)। ਉਨ੍ਹਾਂ ਕਿਹਾ, ‘‘ਅਜਿਹਾ ਕਿਉਂ ਹੋ ਰਿਹਾ ਹੈ? ਇਸ ਦੇ ਪਿੱਛੇ ਕੌਣ ਹੈ? ਮੈਂ ਨਹੀਂ ਜਾਣਦਾ। ਜਿੱਥੋਂ ਤਕ ਡੀਬੀਟੀ ਪ੍ਰਣਾਲੀ ਦਾ ਸਵਾਲ ਹੈ, ਇਸ ਤੋਂ ਬਾਹਰ ਰਹਿਣ ਲਈ ਖੇਤੀਬਾੜੀ ਮੰਤਰੀ ਅਤੇ ਮੁੱਖ ਮੰਤਰੀ ਦੋਹਾਂ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਜਦੋਂ ਮੈਂ ਖੇਤੀਬਾੜੀ ਮੰਤਰੀ ਸੀ ਤਾਂ ਸਾਰੀਆਂ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ।’’

ਨੈਨੋ ਖਾਦ ਵਿਵਾਦ ’ਤੇ ਮੁੰਡੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਨੈਨੋ ਖਾਦ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦੇ ਉਤਸ਼ਾਹ ਤੋਂ ਬਾਅਦ, ਮਹਾਰਾਸ਼ਟਰ ਨੇ 4,00,000 ਕਿਸਾਨਾਂ ਨੂੰ ਇਹ ਪ੍ਰਦਾਨ ਕੀਤਾ। ਇਹ ਕੇਂਦਰ ਸਰਕਾਰ ਨਾਲ ਜੁੜੀ ਇਕ ਕੰਪਨੀ ਤੋਂ ਖਰੀਦਿਆ ਗਿਆ ਸੀ ਅਤੇ ਇਸ ਦੀ ਕੀਮਤ ਪੂਰੇ ਦੇਸ਼ ਵਿਚ ਇਕੋ ਜਿਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਇਸ ਨੂੰ ਹੋਰ ਵੀ ਘੱਟ ਦਰ ’ਤੇ ਪ੍ਰਦਾਨ ਕੀਤਾ ਅਤੇ ਕੋਈ ਗਲਤ ਕੰਮ ਨਹੀਂ ਹੋਇਆ।’’ ਮੁੰਡੇ ਨੇ ਬਾਅਦ ’ਚ ਕਿਹਾ, ‘‘ਮੈਂ ਉਸ ਦੇ ਵਿਰੁਧ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ। ਮੈਂ ਆਉਣ ਵਾਲੇ ਦਿਨਾਂ ’ਚ ਬੰਬੇ ਹਾਈ ਕੋਰਟ ’ਚ ਦਮਾਨੀਆ ਵਿਰੁਧ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਾਂਗਾ।’’