ਮੁੱਖ ਚੋਣ ਕਮਿਸ਼ਨਰ ਵਿਰੁਧ ਮਹਾਂਦੋਸ਼ ਮਤੇ ਉਤੇ ਵਿਚਾਰ ਕਰ ਰਿਹੈ ਸਮੁੱਚਾ ਵਿਰੋਧੀ ਧਿਰ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਰੋਧੀ ਪਾਰਟੀਆਂ ਦਾ ਸਮਰਥਨ ਜੁਟਾਉਣ ਦੀ ਮੰਗ ਕੀਤੀ।

Entire opposition party considering impeachment motion against Chief Election Commissioner: Congress

ਨਵੀਂ ਦਿੱਲੀ: ਕਾਂਗਰਸ ਨੇਤਾ ਕੇ.ਸੀ. ਵੇਣੂਗੋਪਾਲ ਨੇ ਬੁਧਵਾਰ ਨੂੰ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁਧ ਮਹਾਂਦੋਸ਼ ਮਤਾ ਪੇਸ਼ ਕਰਨ ਉਤੇ ਸਮੁੱਚੀ ਵਿਰੋਧੀ ਧਿਰ ਸਮੂਹਿਕ ਤੌਰ ਉਤੇ ਫੈਸਲਾ ਕਰੇਗੀ। ਇਕ ਦਿਨ ਪਹਿਲਾਂ ਹੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਮਾਮਲੇ ਉਤੇ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ।

ਸੰਸਦ ਭਵਨ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਣੂਗੋਪਾਲ ਨੇ ਕਿਹਾ ਕਿ ਉਹ ਇਸ ਸੁਝਾਅ ਨੂੰ ਸਕਾਰਾਤਮਕ ਢੰਗ ਨਾਲ ਵੇਖ ਰਹੇ ਹਨ। ਸੰਗਠਨ ਦੇ ਇੰਚਾਰਜ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ, ‘‘ਤ੍ਰਿਣਮੂਲ ਕਾਂਗਰਸ ਪਹਿਲਾਂ ਹੀ ਕਾਂਗਰਸ ਨਾਲ ਸੰਪਰਕ ਕਰ ਚੁਕੀ ਹੈ। ਮੈਨੂੰ ਲਗਦਾ ਹੈ ਕਿ ਪੂਰੀ ਵਿਰੋਧੀ ਧਿਰ ਇਸ ਮਾਮਲੇ ਉਤੇ ਫੈਸਲਾ ਲਵੇਗੀ, ਜੋ ਕਿ ਤ੍ਰਿਣਮੂਲ ਵਲੋਂ ਉਠਾਏ ਗਏ ਸੱਭ ਤੋਂ ਢੁਕਵੇਂ ਮੁੱਦਿਆਂ ’ਚੋਂ ਇਕ ਹੈ। ਅਸੀਂ ਇਸ ਨੂੰ ਸਕਾਰਾਤਮਕ ਢੰਗ ਨਾਲ ਵੇਖ ਰਹੇ ਹਾਂ।’’

ਪਛਮੀ ਬੰਗਾਲ ’ਚ ਵੋਟਰ ਸੂਚੀਆਂ ’ਚ ਚੱਲ ਰਹੀ ਵਿਸ਼ੇਸ਼ ਸੋਧ (ਐੱਸ.ਆਈ.ਆਰ.) ਵਿਰੁਧ ਅਪਣੀ ਮੁਹਿੰਮ ਦੇ ਹਿੱਸੇ ਵਜੋਂ ਕੌਮੀ ਰਾਜਧਾਨੀ ’ਚ ਮੌਜੂਦ ਬੈਨਰਜੀ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਉਤੇ ਮਹਾਂਦੋਸ਼ ਦੀ ਮੰਗ ਕੀਤੀ ਅਤੇ ਇਸ ਮੁੱਦੇ ਉਤੇ ਹੋਰ ਵਿਰੋਧੀ ਪਾਰਟੀਆਂ ਦਾ ਸਮਰਥਨ ਜੁਟਾਉਣ ਦੀ ਮੰਗ ਕੀਤੀ।