ਦਿੱਲੀ ਦੰਗਿਆਂ ਦਾ ਹੀਰੋ- ਮੁਸਲਿਮ ਬੱਚਿਆਂ ਦੇ ਸਿਰ ਦਸਤਾਰ ਸਜਾ ਕੇ ਕੱਢਿਆ ਮੌਤ ਦੇ ਮੂੰਹ 'ਚੋਂ ਬਾਹਰ
ਪਿਛਲੇ ਕੁੱਝ ਦਿਨਾਂ ਵਿਚ ਉੱਤਰ ਪੂਰਬੀ ਦਿੱਲੀ ਵਿਚ ਹਰ ਪਾਸੇ ਤਬਾਹੀ ਹੀ ਤਬਾਹੀ ਦੇਖਣ ਨੂੰ ਮਿਲ ਰਹੀ ਸੀ। ਸੜਕਾਂ ਖੂਨ ਨਾਲ ਲਥਪਥ ਨਜ਼ਰ ਆ ਰਹੀਆਂ ਸਨ।
ਨਵੀਂ ਦਿੱਲੀ- ਪਿਛਲੇ ਕੁੱਝ ਦਿਨਾਂ ਵਿਚ ਉੱਤਰ ਪੂਰਬੀ ਦਿੱਲੀ ਵਿਚ ਹਰ ਪਾਸੇ ਤਬਾਹੀ ਹੀ ਤਬਾਹੀ ਦੇਖਣ ਨੂੰ ਮਿਲ ਰਹੀ ਸੀ। ਸੜਕਾਂ ਖੂਨ ਨਾਲ ਲਥਪਥ ਨਜ਼ਰ ਆ ਰਹੀਆਂ ਸਨ। ਥਾਂ-ਥਾਂ ‘ਤੇ ਅੱਗ ਵਿਚ ਸੜੇ ਵਾਹਨ ਨਜ਼ਰ ਆ ਰਹੇ ਸਨ। ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਨੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਹੇਠਲਾ ਰਸਤਾ ਵੀ ਜਾਮ ਕਰ ਦਿੱਤਾ ਸੀ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇਸ ਤੋਂ ਬਾਅਦ ਮੌਜਪੁਰ ਵਿਚ ਵੀ ਸਥਿਤੀ ਖ਼ਰਾਬ ਹੋਈ, ਜੋ ਦੇਖਦੇ ਹੀ ਦੇਖਦੇ ਹਿੰਸਾ ਵਿਚ ਬਦਲ ਗਈ।
ਇਸ ਹਿੰਸਾ ਦੇ ਤਹਿਤ ਕੁੱਝ ਲੋਕ ਅਜਿਹੇ ਵੀ ਸਨ ਜਿਹਨਾਂ ਨੇ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਅਤੇ ਆਪਣੀ ਜਾਨ 'ਤੇ ਖੇਡ ਕੇ ਕਈਆਂ ਦੀ ਜਾਨ ਵੀ ਬਚਾਈ। ਅਜਿਹੇ ਵਿਚ ਇਕ ਸਰਦਾਰ ਮੁਹਿੰਦਰ ਸਿੰਘ ਵੀ ਸੀ ਜਿਸ ਨੇ 50 ਤੋਂ 60 ਦੇ ਕਰੀਬ ਲੋਕਾਂ ਦੀ ਦੰਗਾਕਾਰੀਆਂ ਤੋਂ ਜਾਨ ਬਚਾਈ। ਇਸ ਸਾਰੀ ਹਿੰਸਾ ਬਾਰੇ ਮੁਹਿੰਦਰ ਸਿੰਘ ਨੇ ਸਪੋਕਸਮੈਨ ਟੀਵੀ ਨਾਲ ਖਾਸ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਮੁਹਿੰਦਰ ਸਿੰਘ ਨੇ ਕਿਹਾ ਕਿ 24 ਤਾਰੀਕ ਰਾਤ ਨੂੰ ਹਰ ਰੋਜ਼ ਦੀ ਤਰ੍ਹਾਂ ਉਹ ਆਪਣੀ ਦੁਕਾਨ ਤੇ ਕੰਮ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਵੇਖਦੇ ਹੀ ਵੇਖਦੇ ਇਕ ਭੀੜ ਆਈ ਜਿਹਨਾਂ ਦੇ ਹੱਥ ਵਿਚ ਲਾਠੀਆਂ ਵੀ ਸਨ ਅਤੇ ਉਹ ਕੁੱਝ ਸੰਪਰਦਾਇਕ ਨਾਅਰੇ ਵੀ ਲਾ ਰਹੇ ਸਨ। ਉਹਨਾਂ ਕਿਹਾ ਕਿ ਵੇਖਦੇ ਹੀ ਵੇਖਦੇ ਹਾਲਾਤ ਤਣਾਅ ਪੂਰਨ ਹੋ ਗਏ। ਉਹਨਾਂ ਕਿਹਾ ਕਿ ਉਹਨਾਂ ਦੀ ਇਕ ਇਲੈਕਟ੍ਰਾਨਿਕ ਦੀ ਦੁਕਾਨ ਹੈ ਜਿਸ ਦੇ ਕੋਲ ਇਕ ਮਸਜਿਦ ਵੀ ਹੈ।
ਉਹਨਾਂ ਕਿਹਾ ਕਿ ਸ਼ਾਮ ਦਾ ਸਮਾਂ ਹੋਣ ਕਰ ਕੇ ਮਸਜਿਦ ਵਿਚ ਨਮਾਜ਼ ਕਰਨ ਲਈ ਕਾਫੀ ਮੁਸਲਿਮ ਵੀ ਆਏ ਹੋਏ ਸਨ ਅਤੇ ਮੁਹਿੰਦਰ ਸਿੰਘ ਦੇ ਘਰ ਪਿਛਲੇ ਪਾਸੇ ਵੀ ਕਾਫੀ ਜ਼ਿਆਦਾ ਮੁਸਲਿਮ ਰਹਿੰਦੇ ਸਨ। ਉਹਨਾਂ ਕਿਹਾ ਕਿ ਇਸ ਤਣਾਅ ਨੂੰ ਦੇਖਦੇ ਹੋਏ ਸਾਰੇ ਮੁਸਲਿਮ ਭਰਾਵਾਂ ਨੇ ਪਹਿਲਾਂ ਤਾਂ ਮਸਜਿਦ ਦੇ ਦਰਵਾਜ਼ੇ ਬੰਦ ਕਰ ਲਏ ਸਨ। ਮੁਹਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮਸਜਿਦ ਦੇ ਅੰਦਰੋਂ ਹੀ ਇਕ ਕਾਲ ਆਈ ਕਿ ਉਹਨਾਂ ਨੂੰ ਇਸ ਦੰਗਾਕਾਰੀਆਂ ਦੇ ਮਾਹੌਲ ਤੋਂ ਬਚਾ ਕੇ ਮਸਜਿਦ ਵਿਚੋਂ ਬਾਹਰ ਕੱਢਿਆ ਜਾਵੇ
ਪਰ ਮੁਹਿੰਦਰ ਸਿੰਘ ਨੇ ਕਿਹਾ ਕਿ ਐਨੀ ਭੀੜ ਨੂੰ ਦੇਖਦੇ ਹੋਏ ਇਸ ਭੀੜ ਤੋਂ ਬਚਾ ਕੇ ਉਹਨਾਂ ਮੁਸਲਿਮ ਭਾਈਆਂ ਨੂੰ ਕੱਢਣਾ ਬਹੁਤ ਔਖਾ ਸੀ। ਉਹਨਾਂ ਕਿਹਾ ਕਿ ਮਾਰਕਿਟ ਬੰਦ ਹੋਣ ਕਰ ਕੇ ਉਹ ਇਕੱਲੇ ਹੀ ਇਸ ਮਾਰਕਿਟ ਵਿਚ ਸਨ ਪਰ ਫਿਰ ਵੀ ਉਹਨਾਂ ਨੇ ਫੋਨ ਕਰ ਕੇ ਆਪਣੇ ਬੇਟੇ ਇੰਦਰਜੀਤ ਨੂੰ ਕਿਹਾ ਕਿ ਸਾਰੀ ਘਟਨਾ ਬਾਰੇ ਦੱਸਿਆ ਅਤੇ ਉਹਨਾਂ ਆਪਣੇ ਬੇਟੇ ਨੂੰ ਕਿਹਾ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਇੱਥੇ ਆਉਣ। ਮੁਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਧਰਮ ਨੇ ਉਹਨਾਂ ਨੂੰ ਜੋ ਵੀ ਸਿਖਾਇਆ ਹੈ ਉਸ ਹਿਸਾਬ ਨਾਲ ਉਹਨਾਂ ਸੋਚਿਆ ਕਿ ਇਹਨਾਂ ਮੁਸਲਿਮ ਭਰਾਵਾਂ ਦੀ ਮਦਦ ਜਰੂਰ ਕਰਨੀ ਹੈ।
ਉਹਨਾਂ ਕਿਹਾ ਕਿ ਉਹਨਾਂ ਦਾ ਬੇਟਾ ਇਕ ਬਾਈਕ ਲੈ ਕੇ ਆਇਆ ਅਤੇ ਉਹਨਾਂ ਕੋਲ ਵੀ ਇਕ ਸਕੂਟੀ ਸੀ ਅਤੇ ਉਹਨਾਂ ਨੇ ਇਕ ਇਕ ਕਰ ਕੇ ਸਭ ਤੋਂ ਪਹਿਲਾਂ ਤਾਂ ਮਸਜਿਦ ਵਿਚੋਂ ਬੱਚੀਆਂ ਨੂੰ ਕੱਢਿਆ। ਉਹਨਾਂ ਕਿਹਾ ਕਿ ਉਹਨਾਂ ਨੇ ਹੌਲੀ ਹੌਲੀ ਕਰ ਕੇ 20-20 ਚੱਕਰ ਕੱਢ ਕੇ ਸਾਰਿਆਂ ਨੂੰ ਪੱਗਾਂ ਬੰਨ੍ਹ ਕੇ ਬਾਹਰ ਕ4ਢਿਆ ਤਾਂ ਕਿ ਉਹਨਾਂ ਦੇ ਕੋਈ ਚੋਟ ਨਾ ਲੱਗੇ।
ਮੁਹਿੰਦਰ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਸ ਭੀੜ ਨੇ ਮੁਸਲਿਮ ਭਰਾਵਾਂ ਦੀਆਂ ਸਾਰੀਆਂ ਦੁਕਾਨਾਂ ਲੁੱਟੀਆਂ ਅਤੇ ਫਿਰ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਉਹਨਾਂ ਕਿਹਾ ਕਿ ਕੋਈ ਵੀ ਮੁਸਲਿਮ ਭਰਾ ਅਜਿਹਾ ਨਹੀਂ ਹੈ ਜਿਸ ਦੀ ਦੁਕਾਨ ਨਾ ਲੁੱਟੀ ਗਈ ਹੋਵੇ। ਉਹਨਾਂ ਕਿਹਾ ਕਿ ਉਹਨਾਂ ਨੇ 84 ਦੀਆਂ ਪੀੜਾਂ ਝੱਲੀ ਹੈ ਅਤੇ ਉਸ ਸਮੇਂ ਵੀ ਕਈ ਹਿੰਦੂ ਮੁਸਲਿਮ ਭਰਾਵਾਂ ਨੇ ਉਹਨਾਂ ਨੂੰ ਬਚਾਇਆ ਸੀ ਅਤੇ ਸ਼ਾਇਦ ਇਹ ਵੀ ਸਾਡੇ ਤੇ ਕਰਜ ਹੀ ਸੀ ਜੋ ਅਸੀਂ ਇਹਨਾਂ ਮੁਸਲਿਮ ਭਰਾਵਾਂ ਨੂੰ ਬਚਾ ਕੇ ਉਤਾਰਿਆ ਹੈ। ਆਖਿਰ ਤੇ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਦੰਗਿਆਂ ਪਿੱਚੇ ਰਾਜਨੀਤਿਕ ਕਾਰਨ ਮੰਨਦੇ ਹਨ ਹੁਣ ਵੀ ਤੇ 84 ਵਿਚ ਵੀ।