ਤਾਜ ਮਹਿਲ ’ਚ ਤਲਾਸ਼ੀ ਦੌਰਾਨ ਨਹੀਂ ਮਿਲਿਆ ਕੋਈ ਬੰਬ, ਫੋਨ ਕਰਨ ਵਾਲਾ ਗਿ੍ਰਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੂੰ ਅਣਪਛਾਤੇ ਵਿਅਕਤੀ ਨੇ ਫ਼ੋਨ ਕਰ ਕੇ ਵਿਸਫੋਟਕ ਰੱਖਣ ਦੀ ਦਿੱਤੀ ਸੀ ਸੂਚਨਾ

Taj Mahal

ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ ’ਚ ਸਥਿਤ ਤਾਜ ਮਹਿਲ ’ਚ ਬੰਬ ਹੋਣ ਦੀ ਖ਼ਬਰ ਮਿਲੀ ਪਰ ਇਹ ਸੂਚਨਾ ਫਰਜ਼ੀ ਨਿਕਲੀ ਹੈ। ਹਾਲਾਂਕਿ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਤਾਜ ਮਹਿਲ ਦੇ ਅੰਦਰ ਮੌਜੂਦ ਸੈਲਾਨੀਆਂ ਨੂੰ ਬਾਹਰ ਕੱਢ ਦਿਤਾ ਗਿਆ ਸੀ। ਪੁਲਿਸ ਨੂੰ ਅਣਪਛਾਤੇ ਵਿਅਕਤੀ ਨੇ ਫ਼ੋਨ ਕਰ ਕੇ ਵਿਸਫੋਟਕ ਰਖਣ ਦੀ ਸੂਚਨਾ ਦਿਤੀ ਸੀ, ਜਿਸ ਨੂੰ ਹੁਣ ਹਿਰਾਸਤ ’ਚ ਲੈ ਲਿਆ ਗਿਆ ਹੈ।

ਪੁਛਗਿੱਛ ਦੌਰਾਨ ਨੌਜਵਾਨ ਨੇ ਦਸਿਆ ਕਿ ਉਹ ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਸੀ। ਹਾਲਾਂਕਿ ਹੁਣ ਤਾਜ ਮਹਿਲ ਮੁੜ ਖੋਲ੍ਹ ਦਿਤਾ ਗਿਆ ਹੈ। ਬੰਬ ਦੀ ਸੂਚਨਾ ਮਿਲਦੇ ਹੀ ਤਾਜ ਮਹਿਲ ਕੰਪਲੈਕਸ ’ਚ ਸੀ.ਆਈ.ਐੱਸ.ਐੱਫ. (ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ) ਦੀ ਭਾਰੀ ਗਿਣਤੀ ’ਚ ਤਾਇਨਾਤੀ ਕਰ ਦਿਤੀ ਗਈ ਸੀ।

ਤਲਾਸ਼ੀ ਦੌਰਾਨ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਆਗਰਾ ਦੇ ਲੋਹਾਮੰਡੀ ਥਾਣੇ ’ਚ ਯੂ.ਪੀ. ਪੁਲਿਸ ਨੂੰ ਕਿਸੇ ਨੇ ਬੰਬ ਦੀ ਸੂਚਨਾ ਦਿਤੀ ਸੀ। ਆਗਰਾ ’ਚ ਪ੍ਰੋਟੋਕਾਲ ਐੱਸ.ਪੀ. ਸ਼ਿਵਰਾਮ ਯਾਦਵ ਨੇ ਦਸਿਆ ਕਿ ਫ਼ੋਨ ਕਰ ਕੇ ਬੰਬ ਹੋਣ ਦੀ ਸੂਚਨਾ ਦੇਣ ਵਾਲਾ ਨੌਜਵਾਨ ਫਿਰੋਜਾਬਾਦ ਦਾ ਰਹਿਣ ਵਾਲਾ ਹੈ ਅਤੇ ਉਹ ਫ਼ੌਜ ਭਰਤੀ ਰੱਦ ਹੋਣ ਤੋਂ ਨਾਰਾਜ਼ ਸੀ। ਸ਼ਿਵਰਾਜ ਯਾਦਵ ਨੇ ਕਿਹਾ ਕਿ ਫੋਨ ਕਾਲ ਤੋਂ ਬਾਅਦ ਜਦੋਂ ਪੁਲਿਸ ਨੇ ਨੰਬਰ ਨੂੰ ਟਰੇਸ ਕੀਤਾ ਤਾਂ ਨੌਜਵਾਨ ਦਾ ਪਤਾ ਲੱਗਾ ਅਤੇ ਹਿਰਾਸਤ ’ਚ ਲੈ ਲਿਆ।