ਯੂਕਰੇਨ ਤੋਂ ਨਵੀਨ ਦੀ ਲਾਸ਼ ਭਾਰਤ ਲਿਆਉਣ 'ਤੇ ਬੋਲੇ ਕਰਨਾਟਕ ਤੋਂ BJP ਵਿਧਾਇਕ - 'ਫਲਾਈਟ 'ਚ ਤਾਬੂਤ ਜ਼ਿਆਦਾ ਜਗ੍ਹਾ ਘੇਰਦਾ ਹੈ'

ਏਜੰਸੀ

ਖ਼ਬਰਾਂ, ਰਾਸ਼ਟਰੀ

ਮ੍ਰਿਤਕ ਨਵੀਨ ਦਾ ਪਰਵਾਰ ਪੁੱਤਰ ਦੀ ਲਾਸ਼ ਭਾਰਤ ਲਿਆਉਣ ਲਈ ਲਗਾਤਾਰ ਭਾਰਤ ਸਰਕਾਰ ਨੂੰ ਲਗਾ ਰਿਹਾ ਹੈ ਗੁਹਾਰ 

BJP MLA from Karnataka speaks on bringing Naveen's body from Ukraine to India

ਕਰਨਾਟਕ : ਇੱਕ ਪਾਸੇ ਜਿਥੇ ਰੂਸ ਵਲੋਂ ਯੂਕਰੇਨ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਉਥੇ ਫਸੇ ਹੋਣ ਕਾਰਨ ਮਾਪੇ ਬਹੁਤ ਚਿੰਤਾ ਵਿਚ ਹਨ ਉਥੇ ਹੀ ਬੀਤੇ ਦਿਨੀਂ ਜੰਗ ਵਿਚ ਜਾਨ ਗਵਾਉਣ ਵਾਲੇ ਨਵੀਨ ਸ਼ੇਖਰੱਪਾ ਦੀ ਲਾਸ਼ ਭਾਰਤ ਲਿਆਉਣ ਦੇ 'ਤੇ ਕਰਨਾਟਕ ਦੇ ਭਾਜਪਾ ਵਿਧਾਇਕ ਨੇ ਵਿਵਾਦਿਤ ਬਿਆਨ ਦਿੱਤਾ ਹੈ।

ਅਰਵਿੰਦ ਬੇਲਾਦ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਫਲਾਈਟ ਵਿੱਚ ਇੱਕ ਲਾਸ਼ ਦੀ ਜਗ੍ਹਾ 8 ਤੋਂ 10 ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ। ਲਾਸ਼ਾਂ ਨੂੰ ਲਿਆਉਣ ਦੀ ਬਜਾਏ ਜਹਾਜ਼ ਵਿਚ ਲੋਕਾਂ ਨੂੰ ਲਿਆਂਦਾ ਜਾ ਸਕਦਾ ਹੈ। ਅਰਵਿੰਦ ਬੇਲਾਦ ਹੁਬਲੀ-ਧਾਰਵਾੜ ਖੇਤਰ ਦੇ ਵਿਧਾਇਕ ਹਨ ਅਤੇ ਨਵੀਨ ਵੀ ਇਸੇ ਇਲਾਕੇ ਦਾ ਰਹਿਣ ਵਾਲਾ ਸੀ।

ਨਵੀਨ ਸ਼ੇਖਰੱਪਾ ਦਾ ਪਰਿਵਾਰ ਕਰਨਾਟਕ ਵਿੱਚ ਉਸ ਦੀ ਲਾਸ਼ ਦੀ ਉਡੀਕ ਕਰ ਰਿਹਾ ਹੈ। ਜਦੋਂ ਪੱਤਰਕਾਰਾਂ ਨੇ ਇਸ ਬਾਰੇ ਬੇਲਾਦ ਨੂੰ ਸਵਾਲ ਕੀਤਾ ਤਾਂ ਵਿਧਾਇਕ ਨੇ ਜਵਾਬ ਦਿਤਾ ਕਿ ਸਰਕਾਰ ਨਵੀਨ ਦੀ ਲਾਸ਼ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਯੂਕਰੇਨ ਇੱਕ ਯੁੱਧ ਖੇਤਰ ਹੈ ਅਤੇ ਹਰ ਕੋਈ ਇਸ ਬਾਰੇ ਜਾਣਦਾ ਹੈ। ਕੋਸ਼ਿਸ਼ ਜਾਰੀ ਹੈ ਅਤੇ ਜੇਕਰ ਸੰਭਵ ਹੋਇਆ ਤਾਂ ਲਾਸ਼ ਨੂੰ ਵਾਪਸ ਲਿਆਂਦਾ ਜਾਵੇਗਾ। ਫਿਲਹਾਲ ਜੋ ਜਿਓੰਦੇ ਹਨ ਉਨ੍ਹਾਂ ਨੂੰ ਵਾਪਸ ਲਿਆਉਣਾ ਬਹੁਤ ਚੁਣੌਤੀਪੂਰਨ ਹੈ, ਮ੍ਰਿਤਕਾਂ ਨੂੰ ਵਾਪਸ ਲਿਆਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਕਿਉਂਕਿ ਜਿਸ ਥਾਂ 'ਤੇ ਤਾਬੂਤ ਰੱਖਿਆ ਜਾਵੇਗਾ, ਉਸ ਥਾਂ 'ਤੇ ਅੱਠ ਤੋਂ 10 ਲੋਕ ਬੈਠ ਸਕਦੇ ਹਨ।

ਨਵੀਨ ਦੇ ਪਿਤਾ ਸ਼ੇਖਰੱਪਾ ਗਿਆਨਗੌੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਲਾਸ਼ ਦੋ ਦਿਨਾਂ ਵਿੱਚ ਘਰ ਪਹੁੰਚਾ ਦਿੱਤੀ ਜਾਵੇਗੀ। ਉਨ੍ਹਾਂ ਨੇ ਪੀਐਮ ਮੋਦੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਬੇਨਤੀ ਕੀਤੀ ਸੀ ਕਿ ਉਹ ਆਪਣੇ ਪੁੱਤਰ ਦੀ ਲਾਸ਼ ਘਰ ਲਿਆਉਣ ਵਿੱਚ ਮਦਦ ਕਰਨ।

ਦੱਸ ਦੇਈਏ ਕਿ 21 ਸਾਲਾ ਨਵੀਨ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਿਹਾ ਸੀ। ਉਸ ਦਿਨ ਉਹ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰ ਲਾਈਨ ਵਿੱਚ ਖੜ੍ਹਾ ਸੀ ਜਦੋਂ ਉਹ ਇੱਕ ਸਰਕਾਰੀ ਇਮਾਰਤ 'ਤੇ ਰੂਸੀ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ।