ਲਾਲੂ ਦੀ ਟਿਪਣੀ ਮਗਰੋਂ ਭਾਜਪਾ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਸ਼ੁਰੂ ਕੀਤੀ ‘ਮੋਦੀ ਕਾ ਪਰਵਾਰ’ ਮੁਹਿੰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਮੋਦੀ ਨੇ ਵੀ ਸੋਮਵਾਰ ਨੂੰ ਲਾਲੂ ਦੇ ਦੋਸ਼ਾਂ ਦਾ ਜਵਾਬ ਦਿਤਾ 

Lalu Prasad Yada, PM Modi

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਵਲੋਂ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ‘ਅਪਣਾ ਪਰਵਾਰ’ ਨਾ ਹੋਣ  ਲੈ ਕੇ ਕੀਤੀ ਟਿਪਣੀ ਤੋਂ ਅਗਲੇ ਦਿਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਸ਼ਲ ਮੀਡੀਆ ’ਤੇ ‘ਮੋਦੀ ਕਾ ਪਰਵਾਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। 

ਇਸ ਮੁਹਿੰਮ ਦੇ ਹਿੱਸੇ ਵਜੋਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਸਮੇਤ ਕਈ ਨੇਤਾਵਾਂ ਨੇ ਅਪਣੇ ‘ਐਕਸ’ ਪ੍ਰੋਫਾਈਲ ’ਤੇ ਅਪਣੇ ਨਾਂ ਅੱਗੇ ‘ਮੋਦੀ ਕਾ ਪਰਵਾਰ’ ਲਿਖ ਦਿਤਾ। ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਕਾਂਗਰਸ ਦੇ ਨਾਅਰੇ ‘ਚੌਕੀਦਾਰ ਚੋਰ ਹੈ’ ਦੇ ਜਵਾਬ ’ਚ ‘ਮੈਂ ਵੀ ਚੌਕੀਦਾਰ’ ਮੁਹਿੰਮ ਸ਼ੁਰੂ ਕੀਤੀ ਸੀ। 

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਐਤਵਾਰ ਨੂੰ ਪਟਨਾ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਲਾਇਆ ਸੀ। ਉਨ੍ਹਾਂ ਕਿਹਾ ਸੀ, ‘‘ਜੇਕਰ ਨਰਿੰਦਰ ਮੋਦੀ ਦਾ ਅਪਣਾ ਪਰਵਾਰ ਨਹੀਂ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ? ਉਹ ਰਾਮ ਮੰਦਰ ਬਾਰੇ ਮਾਣ ਕਰਦੇ ਰਹਿੰਦੇ ਹਨ। ਉਹ ਸੱਚੇ ਹਿੰਦੂ ਵੀ ਨਹੀਂ ਹਨ। ਹਿੰਦੂ ਪਰੰਪਰਾ ’ਚ, ਇਕ ਪੁੱਤਰ ਨੂੰ ਅਪਣੇ ਮਾਪਿਆਂ ਦੀ ਮੌਤ ’ਤੇ ਅਪਣਾ ਸਿਰ ਅਤੇ ਦਾੜ੍ਹੀ ਮੁੰਡਾਉਣੀ ਚਾਹੀਦੀ ਹੈ। ਜਦੋਂ ਮੋਦੀ ਦੀ ਮਾਂ ਦੀ ਮੌਤ ਹੋਈ ਤਾਂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।’’

ਪ੍ਰਧਾਨ ਮੰਤਰੀ ਮੋਦੀ ਨੇ ਵੀ ਸੋਮਵਾਰ ਨੂੰ ਲਾਲੂ ਦੇ ਦੋਸ਼ਾਂ ਦਾ ਜਵਾਬ ਦਿਤਾ ਅਤੇ ਕਿਹਾ ਕਿ ਭ੍ਰਿਸ਼ਟਾਚਾਰ, ਪਰਵਾਰਵਾਦ ਅਤੇ ਤੁਸ਼ਟੀਕਰਨ ’ਚ ਡੁੱਬੇ ‘ਇੰਡੀ ਅਲਾਇੰਸ’ ਦੇ ਨੇਤਾ ਬੌਂਦਲ ਰਹੇ ਹਨ। ਉਨ੍ਹਾਂ ਤੇਲੰਗਾਨਾ ’ਚ ਇਕ ਰੈਲੀ ਨੂੰ ਸੰਬੋਧਨ ਕਰਿਦਆਂ ਕਿਹਾ, ‘‘ਜਦੋਂ ਮੈਂ ਉਨ੍ਹਾਂ ਦੇ ਭਾਈ-ਭਤੀਜਾਵਾਦ ’ਤੇ ਸਵਾਲ ਉਠਾਉਂਦਾ ਹਾਂ ਤਾਂ ਇਹ ਲੋਕ ਹੁਣ ਕਹਿਣ ਲੱਗੇ ਹਨ ਕਿ ਮੋਦੀ ਦਾ ਕੋਈ ਪਰਵਾਰ ਨਹੀਂ ਹੈ। ਮੈਂ ਉਨ੍ਹਾਂ ਨੂੰ ਦਸਣਾ ਚਾਹੁੰਦਾ ਹਾਂ ਕਿ 140 ਕਰੋੜ ਦੇਸ਼ ਵਾਸੀ ਮੇਰਾ ਪਰਵਾਰ ਹਨ, ਜਿਨ੍ਹਾਂ ਦਾ ਕੋਈ ਨਹੀਂ ਹੈ, ਉਹ ਵੀ ਮੋਦੀ ਦੇ ਹਨ ਅਤੇ ਮੋਦੀ ਉਨ੍ਹਾਂ ਦੇ ਹਨ। ਭਾਰਤ ਮੇਰਾ ਪਰਵਾਰ ਹੈ।’’

ਇਸ ਤੋਂ ਬਾਅਦ ਕਈ ਕੇਂਦਰੀ ਮੰਤਰੀਆਂ ਅਤੇ ਭਾਜਪਾ ਨੇਤਾਵਾਂ ਨੇ ਅਪਣੇ ‘ਐਕਸ’ ਪ੍ਰੋਫਾਈਲ ’ਚ ‘ਮੋਦੀ ਦੇ ਪਰਵਾਰ’ ਨੂੰ ਪਹਿਲਾਂ ਤੋਂ ਹੀ ਜੋੜ ਦਿਤਾ। ਭਾਜਪਾ ਪ੍ਰਧਾਨ ਨੱਢਾ ਨੇ ਸੱਭ ਤੋਂ ਪਹਿਲਾਂ ਅਪਣੀ ਪ੍ਰੋਫਾਈਲ ਬਦਲੀ ਅਤੇ ਫਿਰ ਗ੍ਰਹਿ ਮੰਤਰੀ ਸ਼ਾਹ। ਕੁੱਝ ਸਮੇਂ ਬਾਅਦ ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗਡਕਰੀ, ਅਸ਼ਵਨੀ ਵੈਸ਼ਣਵ ਅਤੇ ਅਨੁਰਾਗ ਠਾਕੁਰ ਨੇ ਵੀ ਇਸ ਦਾ ਪਾਲਣ ਕੀਤਾ ਅਤੇ ‘ਐਕਸ’ ਪ੍ਰੋਫਾਈਲ ’ਤੇ ਅਪਣੇ ਨਾਂ ਦੇ ਅੱਗੇ ‘ਮੋਦੀ ਕਾ ਪਰਵਾਰ’ ਲਗਾ ਦਿਤਾ।