ਭਾਜਪਾ ਦੇ ਇਕ ਹੋਰ ਸੰਸਦ ਮੈਂਬਰ ਨੇ ਚੋਣ ਮੈਦਾਨ ਛਡਿਆ, ਜਾਣੋ ਕਾਰਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਦੋਂ ਤਕ ਬੇਗੁਨਾਹੀ ਸਾਬਤ ਨਹੀਂ ਕਰਦਾ, ਕੋਈ ਚੋਣ ਨਹੀਂ ਲੜਾਂਗਾ : ਉਪੇਂਦਰ ਸਿੰਘ ਰਾਵਤ

Upender Singh Rawat

ਲਖਨਊ, 4 ਮਾਰਚ: ਉੱਤਰ ਪ੍ਰਦੇਸ਼ ਦੀ ਬਾਰਾਬੰਕੀ ਲੋਕ ਸਭਾ ਸੀਟ ਤੋਂ ਭਾਰਤੀ ਜਨਤ ਪਾਰਟੀ (ਭਾਜਪਾ) ਸੰਸਦ ਮੈਂਬਰ ਉਪੇਂਦਰ ਸਿੰਘ ਰਾਵਤ ਨੇ ਚੋਣ ਲੜਨ ਤੋਂ ਇਨਕਾਰ ਕਰ ਦਿਤਾ ਹੈ। ਭਾਜਪਾ ਦੀ ਸਨਿਚਰਵਾਰ ਨੂੰ ਜਾਰੀ 195 ਉਮੀਦਵਾਰਾਂ ਦੀ ਸੂਚੀ ’ਚ ਉਪੇਂਦਰ ਸਿੰਘ ਰਾਵਤ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਪਛਮੀ  ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਭਾਜਪਾ ਵਲੋਂ  ਨਾਮਜ਼ਦ ਭੋਜਪੁਰੀ ਗਾਇਕ ਪਵਨ ਸਿੰਘ ਨੇ ਵੀ ਚੋਣ ਲੜਨ ਤੋਂ ਇਨਕਾਰ ਕਰ ਦਿਤਾ ਹੈ। 

ਰਾਵਤ ਇਸ ਸਮੇਂ ਇਕ  ‘ਅਸ਼ਲੀਲ ਵੀਡੀਉ ‘ ਨਾਲ ਜੁੜੇ ਮੁੱਦੇ ਨਾਲ ਨਜਿੱਠ ਰਹੇ ਹਨ ਜਿਸ ’ਚ ਉਨ੍ਹਾਂ ਨੂੰ ਕਥਿਤ ਤੌਰ ’ਤੇ  ਵਿਖਾ ਇਆ ਗਿਆ ਹੈ ਜੋ ਸੋਸ਼ਲ ਮੀਡੀਆ ਮੰਚਾਂ ’ਤੇ  ਵਾਇਰਲ ਹੋ ਗਿਆ ਸੀ। ਉਨ੍ਹਾਂ ਨੇ ਵੀਡੀਉ  ਨੂੰ ‘ਫਰਜ਼ੀ‘ ਕਰਾਰ ਦਿਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਨੂੰ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਦੀ ਮਦਦ ਨਾਲ ਛੇੜਛਾੜ ਕੀਤੀ ਗਈ ਸੀ। ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ। 

ਰਾਵਤ ਨੇ ਜ਼ਿਲ੍ਹਾ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ ਅਤੇ ਪਾਰਟੀ ਦੇ ਕੌਮੀ  ਪ੍ਰਧਾਨ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਉਦੋਂ ਤਕ  ਕੋਈ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ ਜਦੋਂ ਤਕ  ਉਹ ਅਪਣੀ ਬੇਗੁਨਾਹੀ ਸਾਬਤ ਨਹੀਂ ਕਰਦਾ।

ਇਕ ਪਾਰਟੀ ਦੇ ਤੌਰ ’ਤੇ ਭਾਜਪਾ ਕਦੇ ਵੀ ਇੰਨੀ ਕਮਜ਼ੋਰ ਨਹੀਂ ਸੀ: ਅਖਿਲੇਸ਼ ਯਾਦਵ

ਲਖਨਊ: ਸਮਾਜਵਾਦੀ ਪਾਰਟੀ (ਸਪਾ) ਦੇ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਭਾਜਪਾ ਉਮੀਦਵਾਰਾਂ ਦੇ ਐਲਾਨ ਅਤੇ ਇਕ ਉਮੀਦਵਾਰ ਵਲੋਂ ਦਾਅਵਾ ਵਾਪਸ ਲੈਣ ਦੇ ਵਿਚਕਾਰ ਚੋਣ ਨਾ ਲੜਨ ਲਈ ਸੱਤਾਧਾਰੀ ਪਾਰਟੀ ਦੇ ਕੁੱਝ ਸੰਸਦ ਮੈਂਬਰਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਇਕ ਪਾਰਟੀ ਦੇ ਤੌਰ ’ਤੇ ਇੰਨੀ ਕਮਜ਼ੋਰ ਕਦੇ ਨਹੀਂ ਰਹੀ। 

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਨਿਚਰਵਾਰ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 195 ਲੋਕ ਸਭਾ ਸੀਟਾਂ ਲਈ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ। ਭਾਜਪਾ ਦੀ ਟਿਕਟ ਪ੍ਰਾਪਤ ਭੋਜਪੁਰੀ ਅਦਾਕਾਰ-ਗਾਇਕ ਪਵਨ ਸਿੰਘ ਨੇ ਆਸਨਸੋਲ ਸੀਟ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿਤਾ ਹੈ, ਜਦਕਿ ਦਿੱਲੀ ਦੇ ਸੰਸਦ ਮੈਂਬਰ ਗੌਤਮ ਗੰਭੀਰ, ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਡਾ. ਹਰਸ਼ਵਰਧਨ, ਹਜ਼ਾਰੀਬਾਗ ਦੇ ਸੰਸਦ ਮੈਂਬਰ ਜਯੰਤ ਸਿਨਹਾ ਅਤੇ ਗੁਜਰਾਤ ਦੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਵੀ ਆਉਣ ਵਾਲੀਆਂ ਆਮ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਹਰਸ਼ ਵਰਧਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ। 

ਯਾਦਵ ਨੇ ਕਿਹਾ, ‘‘ਕਿਸ ਨੇ ਸੋਚਿਆ ਹੋਵੇਗਾ ਕਿ ਭਾਜਪਾ ਦੇ ਅਜਿਹੇ ਦਿਨ ਆਉਣਗੇ ਕਿ ਕੁੱਝ ਉਮੀਦਵਾਰ ਟਿਕਟ ਮਿਲਣ ਤੋਂ ਪਹਿਲਾਂ ਹੀ ਬਹਾਨੇ ਬਣਾ ਕੇ ਦਾਅਵਾ ਛੱਡ ਦੇਣਗੇ।’’ ਉਨ੍ਹਾਂ ਕਿਹਾ ਕਿ ਕੋਈ ਖੇਡਾਂ ਨੂੰ ਸਿਆਸਤ ਨਾਲੋਂ ਜ਼ਿਆਦਾ ਗੰਭੀਰ ਮੰਨ ਕੇ ਬਾਹਰ ਜਾਣ ਦੀ ਗੱਲ ਕਰੇਗਾ, ਕੋਈ ਵਾਤਾਵਰਣ ਦੇ ਬਹਾਨੇ ਭਾਜਪਾ ਛੱਡਣ ਲਈ ਅਰਜ਼ੀ ਲਿਖੇਗਾ, ਕੋਈ ਟਿਕਟ ਕੱਟਣ ’ਤੇ ਰਿਟਾਇਰਮੈਂਟ ਦਾ ਐਲਾਨ ਕਰੇਗਾ, ਕੋਈ ਅਪਣੇ ਨਿੱਜੀ ਕਾਰਨਾਂ ਕਰ ਕੇ ਸੋਸ਼ਲ ਮੀਡੀਆ ’ਤੇ ਦੂਰੋਂ ਟਿਕਟ ਮਿਲਣ ਤੋਂ ਬਾਅਦ ਵੀ ਟਿਕਟ ਠੁਕਰਾ ਦੇਵੇਗਾ। ਉਨ੍ਹਾਂ ਨੇ ਹੈਸ਼ਟੈਗ ‘ਨਹੀਂ ਚਾਹੀਦੀ ਭਾਜਪਾ’ ਦੇ ਨਾਲ ਪੋਸਟ ’ਚ ਦਾਅਵਾ ਕੀਤਾ ਕਿ ਇਕ ਪਾਰਟੀ ਦੇ ਤੌਰ ’ਤੇ ਭਾਜਪਾ ਕਦੇ ਵੀ ਇੰਨੀ ਕਮਜ਼ੋਰ ਨਹੀਂ ਰਹੀ। ਹੁਣ ਜਨਤਾ ਤੋਂ ਇਲਾਵਾ ਭਾਜਪਾ ਦੇ ਲੋਕ ਖੁਦ ਇਹ ਕਹਿ ਰਹੇ ਹਨ।